ਰਾਜਪੁਰਾ ਦੇ ਪਿੰਡ ਜੰਡੋਲੀ ’ਚ ਪਟਾਕਾ ਫੈਕਟਰੀ ’ਚ ਧਮਾਕਾ: ਬੱਚੀ ਹਲਾਕ, ਤਿੰਨ ਗੰਭੀਰ

439
Share

ਰਾਜਪੁਰਾ, 11 ਸਤੰਬਰ (ਪੰਜਾਬ ਮੇਲ)- ਹਲਕਾ ਰਾਜਪੁਰਾ ਦੇ ਪਿੰਡ ਜੰਡੋਲੀ ਦੇ ਬਾਹਰਵਾਰ ਕਲੋਨੀ ਸੰਤ ਨਗਰ ਵਿਚਲੇ ਘਰ ਵਿਚ ਕਥਿਤ ਤੌਰ ’ਤੇ ਨਾਬਾਲਗ ਬੱਚਿਆਂ ਵੱਲੋਂ ਬਣਾਏ ਜਾ ਰਹੇ ਪਟਾਕਿਆਂ ’ਚ ਧਮਾਕਿਆਂ ਕਾਰਨ ਬੱਚੀ ਮਨਪ੍ਰੀਤ ਕੌਰ (12 ਸਾਲ) ਦੀ ਮੌਕੇ ’ਤੇ ਮੌਤ ਹੋ ਗਈ, ਜਦੋਂਕਿ ਤਿੰਨ ਹੋਰ ਬੱਚੇ, ਜਿਨ੍ਹਾਂ ਦੀ ਉਮਰ 5-10 ਸਾਲ ਵਿਚਕਾਰ ਦੱਸੀ ਜਾ ਰਹੀ ਹੈ, ਗੰਭੀਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਧਮਾਕਾ ਇੰਨਾ ਜ਼ਬਰਦਸਤ ਸੀ, ਮਕਾਨ ਮਿੰਟਾਂ ’ਚ ਹੀ ਮਲਬੇ ਦੇ ਢੇਰ ’ਚ ਤਬਦੀਲ ਹੋ ਗਿਆ। ਜੰਡੋਲੀ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇਹ ਕਲੋਨੀ ਪਿੰਡ ਦੇ ਬਾਹਰਵਾਰ ਬਣੀ ਕਲੋਨੀ ਵਿਚ ਪ੍ਰਵਾਸੀ ਰਹਿ ਰਹੇ ਹਨ, ਜੋ ਪਟਾਕੇ ਬਣਾਉਂਦੇ ਹਨ। ਅੱਜ ਅਚਾਨਕ ਉਨ੍ਹਾਂ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ, ਜਦੋਂ ਉਹ ਸਥਾਨ ’ਤੇ ਪਹੁੰਚੇ, ਤਾਂ ਘਰ ਢਹਿ-ਢੇਰੀ ਹੋ ਚੁੱਕਾ ਸੀ ਅਤੇ ਮਲਬੇ ਦੇ ਢੇਰ ਹੇਠਾਂ ਬੱਚੇ ਦੱਬੇ ਹੋਏ ਸਨ, ਜਿਨ੍ਹਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਹੈ।
ਧਮਾਕੇ ਵਾਲੀ ਇਸ ਥਾਂ ਦਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਐੱਸ.ਐੱਸ.ਪੀ. ਡਾ. ਸੰਦੀਪ ਗਰਗ ਨੇ ਵੀ ਦੌਰਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਐੱਸ.ਪੀ. ਨੇ ਦੱਸਿਆ ਕਿ ਜ਼ਖ਼ਮੀ ਤਿੰਨਾਂ ਬੱਚਿਆਂ ’ਚੋਂ ਇੱਕ ਨੂੰ ਪੀ.ਜੀ.ਆਈ. ਤੇ ਦੋ ਨੂੰ ਪਟਿਆਲਾ ਵਿਖੇ ਰੈਫਰ ਕੀਤਾ ਗਿਆ ਹੈ।
ਉਨ੍ਹਾਂ ਮੰਨਿਆ ਕਿ ਇੱਥੋਂ ਪਟਾਕੇ ਬਣਾਉਣ ਵਾਲੀ ਸਮੱਗਰੀ ਬਰਾਮਦ ਹੋਈ ਹੈ ਤੇ ਇਹ ਕੰਮ ਗੈਰਕਾਨੂੰਨੀ ਤੌਰ ’ਤੇ ਚੱਲ ਰਿਹਾ ਸੀ। ਪੁਲਿਸ ਵੱਲੋਂ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਐੱਸ.ਐੱਸ.ਪੀ. ਨੇ ਅਜਿਹਾ ਗੈਰਕਾਨੂੰਨੀ ਧੰਦਾ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਅਜਿਹਾ ਕੰਮ ਬੰਦ ਕਰ ਦੇਣ ਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਆਂਢ-ਗੁਆਂਢ ’ਚ ਕੋਈ ਗੈਰਕਾਨੂੰਨੀ ਤੌਰ ’ਤੇ ਪਟਾਕੇ ਤਿਆਰ ਕਰਦਾ ਹੈ, ਤਾਂ ਇਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ।

Share