ਰਾਜਧਾਨੀ ਦਿੱਲੀ ‘ਚ ਇਕਾਂਤਵਾਸ ਕੀਤੇ ਪੰਜਾਬੀਆਂ ਨੂੰ ਝੱਲਣੇ ਪੈ ਰਹੇ ਨੇ ਦੁੱਖ

694
Share

ਚੰਡੀਗੜ੍ਹ, 15 ਮਈ (ਪੰਜਾਬ ਮੇਲ)- ਪੰਜਾਬ ਨਾਲ ਸਬੰਧਤ ਦੇਸ਼ ਦੀ ਕੌਮੀ ਰਾਜਧਾਨੀ ਵਿੱਚ ਇਕਾਂਤਵਾਸ ਕੀਤੇ ਵਿਅਕਤੀਆਂ ਨੂੰ ਇਨ੍ਹਾਂ ਕੇਂਦਰਾਂ ਵਿੱਚ ਪੈਸੇ ਅਦਾ ਕਰਨ ਤੋਂ ਬਾਅਦ ਵੀ ਦੁੱਖ ਝੱਲਣੇ ਪੈ ਰਹੇ ਹਨ। ਸਿੰਗਾਪੁਰ ਤੋਂ ਵਿਸ਼ੇਸ਼ ਉਡਾਣ ਰਾਹੀਂ ਹਫ਼ਤਾ ਪਹਿਲਾਂ ਨਵੀਂ ਦਿੱਲੀ ਹਵਾਈ ਅੱਡੇ ’ਤੇ ਉਤਰੇ ਮੰਡੀ ਗੋਬਿੰਦਗੜ੍ਹ ਵਾਸੀ ਪ੍ਰਿੰਸਦੀਪ ਲਈ ਇਕਾਂਤਵਾਸ ਕੇਂਦਰ ਬਣਾਏ ਗਏ ਹੋਟਲ ਵਿੱਚ ਬਿਤਾਈ ਪਹਿਲੀ ਰਾਤ ਵੱਡੇ ਸੰਕਟ ਲੈ ਕੇ ਆਈ। ਉਸ ਦਾ ਖਾਣਾ ਅਤੇ ਪਾਣੀ ਵੀ ਚੋਰੀ ਹੋ ਗਿਆ ਤੇ ਹੋਟਲ ਪ੍ਰਬੰਧਕਾਂ ਨੇ ਹੋਰ ਖਾਣਾ ਤੇ ਪਾਣੀ ਦੇਣ ਤੋਂ ਨਾਂਹ ਕਰ ਦਿੱਤੀ। ਪੰਜਾਬ ਰਹਿੰਦੀ ਉਸ ਦੀ ਮਾਤਾ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਦੀ ਜਾਨ ਮੁੱਠੀ ਵਿੱਚ ਆਈ ਰਹੀ। ਉਨ੍ਹਾਂ ਸਾਰੀ ਰਾਤ ਜਾਗ ਦੇ ਰਹਿ ਕੇ ਪ੍ਰਿੰਸ ਲਈ ਖਾਣੇ ਅਤੇ ਪਾਣੀ ਦਾ ਜੁਗਾੜ ਕੀਤਾ। ਪ੍ਰਿੰਸਦੀਪ ਦੀ ਮਾਤਾ ਕਮਲ ਮਾਨ ਨੇ ਦੱਸਿਆ ਕਿ ਸਿੰਗਾਪੁਰ ਤੋਂ ਆਈ ਵਿਸ਼ੇਸ਼ ਉਡਾਣ ਰਾਹੀਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ 250 ਵਿਅਕਤੀ ਉਤਰੇ, ਪਰ ਰਹਿਣ ਦਾ ਕੋਈ ਟਿਕਾਣਾ ਨਾ ਹੋਣ ਕਰਕੇ ਪ੍ਰਿੰਸ ਸਮੇਤ 16 ਬੱਚੇ ਸੜਕ ਕਿਨਾਰੇ ਬੈਠੇ ਰੋਣ ਲੱਗ ਪਏ। ਪਹਿਲਾਂ ਤਾਂ ਦਿੱਲੀ ਪੁਲੀਸ ਦੇ ਕਰਮਚਾਰੀਆਂ ਨੇ 4500 ਰੁਪਏ ਪ੍ਰਤੀ ਦਿਨ ਅਦਾ ਕਰਕੇ ਹੋਟਲ ’ਚ ਰਹਿਣ ਲਈ ਕਿਹਾ, ਪਰ ਜਦੋਂ ਇਨ੍ਹਾਂ 16 ਨੌਜਵਾਨਾਂ ਨੇ ਕਿਹਾ ਕਿ ਉਹ ਤਾਂ ਵਿਦਿਆਰਥੀ ਹਨ ਤੇ ਇੰਨਾ ਕਿਰਾਇਆ ਅਦਾ ਨਹੀਂ ਕਰ ਸਕਦੇ ਤਾਂ 2200 ਰੁਪਏ ਪ੍ਰਤੀ ਦਿਨ ਕਿਰਾਏ ਵਾਲਾ ਹੋਟਲ ਦਾ ਕਮਰਾ ਲੱਭ ਕੇ ਦਿੱਤਾ। ਇਸ ਹੋਟਲ ਵਿੱਚ ਇਕਾਂਤਵਾਸ ਵਜੋਂ ਰੱਖੇ ਵਿਦਿਆਰਥੀਆਂ ਦੇ ਕਮਰਿਆਂ ਦੇ ਮੂਹਰੇ ਖਾਣਾ ਅਤੇ ਪਾਣੀ ਰੱਖ ਦਿੱਤਾ ਗਿਆ, ਪਰ ਅਚਨਚੇਤ ਖਾਣਾ ਅਤੇ ਪਾਣੀ ਚੋਰੀ ਹੋ ਗਿਆ ਤਾਂ ਨੌਜਵਾਨਾਂ ਨੂੰ ਭੁੱਖਣ-ਭਾਣੇ ਰਾਤ ਕੱਟਣੀ ਪਈ। ਕਮਲ ਮਾਨ ਨੇ ਦੱਸਿਆ ਕਿ ਲੰਮੀ ਪਹੁੰਚ ਤੋਂ ਬਾਅਦ ਕਈ ਦਿਨਾਂ ਬਾਅਦ ਚੰਗਾ ਖਾਣਾ ਅਤੇ ਪਾਣੀ ਸਾਰੇ ਬੱਚਿਆਂ ਨੂੰ ਨਸੀਬ ਹੋਣ ਲੱਗਾ ਹੈ। ਉਸ ਨੇ ਦੱਸਿਆ ਕਿ ਸਿੰਗਾਪੁਰ ਤੋਂ ਪਰਤੇ 250 ਵਿਅਕਤੀਆਂ ਵਿੱਚੋਂ ਜ਼ਿਆਦਾਤਰ ਨੂੰ ਤਾਂ ਸਬੰਧਤ ਰਾਜ ਸਰਕਾਰਾਂ ਆਪੋ ਆਪਣੇ ਸੂਬਿਆਂ ਨੂੰ ਲੈ ਗਈਆਂ, ਪਰ ਇਹ 16 ਵਿਦਿਆਰਥੀ ਜਿਨ੍ਹਾਂ ਵਿੱਚੋਂ ਬਹੁਤੇ ਪੰਜਾਬੀ ਹਨ, ਨੂੰ ਪੰਜਾਬ ਸਰਕਾਰ ਨੇ ਪੰਜਾਬ ਪਹੁੰਚਾਉਣ ਦਾ ਕੋਈ ਬੰਦੋਬਸਤ ਨਹੀਂ ਕੀਤਾ। ਇਨ੍ਹਾਂ ਪਰਿਵਾਰਾਂ ਨੂੰ ਹੁਣ ਖਦਸ਼ਾ ਹੈ ਕਿ ਦਿੱਲੀ ਤੋਂ ਵਾਪਸ ਆਉਣ ਮੌਕੇ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਵੀ ਕਿਤੇ ਇਨ੍ਹਾਂ ਵਿਦਿਆਰਥੀਆਂ ਨੂੰ ਮੁੜ ਇਕਾਂਤਵਾਸ ’ਚ ਰੱਖਣ ਦੇ ਨਿਰਦੇਸ਼ ਨਾ ਦੇ ਦਿੱਤੇ ਜਾਣ।


Share