ਰਾਘਵ ਚੱਢਾ ਵੱਲੋਂ ਸੌਰਭ ਜੈਨ ਨੂੰ ਅਪਰਾਧਿਕ ਮਾਣਹਾਨੀ ਦਾ ਨੋਟਿਸ ਭੇਜਿਆ

309
* ਵਿਧਾਨ ਸਭਾ ਚੋਣਾਂ ਸਬੰਧੀ ਟਿਕਟਾਂ ਵੇਚਣ ਦੇ ਦੋਸ਼ਾਂ ਦਾ ਮਾਮਲਾ
ਚੰਡੀਗੜ੍ਹ, 13 ਜਨਵਰੀ (ਪੰਜਾਬ ਮੇਲ)-ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਪਟਿਆਲਾ ਦੇ ਸੌਰਭ ਜੈਨ ਨੂੰ ਅਪਰਾਧਿਕ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਰਾਘਵ ਚੱਢਾ ਦੇ ਵਕੀਲ ਪ੍ਰਸ਼ਾਤ ਮਨਚੰਦਾ ਨੇ ਨੋਟਿਸ ਵਿਚ ਕਿਹਾ ਕਿ ਸੌਰਭ ਜੈਨ ਵੱਲੋਂ ਰਾਘਵ ਚੱਢਾ ’ਤੇ ਵਿਧਾਨ ਸਭਾ ਚੋਣਾਂ ਵਿਚ ਟਿਕਟਾਂ ਦੀ ਵੰਡ ਦੌਰਾਨ ਰੁਪਏ ਮੰਗਣ ਦੇ ਦੋਸ਼ ਲਗਾਏ ਗਏ ਹਨ। ਇਹ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਈ ਨਾਪਾਕ ਤੱਤ ਰਾਘਵ ਚੱਢਾ ਦੀ ਸਦਭਾਵਨਾ ਅਤੇ ਸਾਖ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਦੋਸ਼ ਸਾਜ਼ਿਸ਼ ਤਹਿਤ ਲਗਾਏ ਗਏ ਹਨ।
ਉਨ੍ਹਾਂ ਕਿਹਾ ਕਿ ਸੌਰਭ ਜੈਨ ਨੇ ਰਾਘਵ ਚੱਢਾ ’ਤੇ ਵਿਧਾਨ ਸਭਾ ਚੋਣਾਂ ’ਚ ਟਿਕਟਾਂ ਦੀ ਵੰਡ ਲਈ ਭਿ੍ਰਸ਼ਟਾਚਾਰ ਤੇ ਝੂਠੇ ਦੋਸ਼ ਲਗਾਏ ਹਨ। ਇਹ ਦੋਸ਼ ‘ਆਪ’ ਦੇ ਸੀਨੀਅਰ ਆਗੂ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਦੇ ਸਾਫ਼-ਸੁਥਰੇ ਅਕਸ ਨੂੰ ਜਾਣ-ਬੁੱਝ ਕੇ ਖ਼ਰਾਬ ਕਰਨ ਦੀ ਕੋਸ਼ਿਸ਼ ਹੈ। ਰਾਘਵ ਚੱਢਾ ਦੇ ਵਕੀਲ ਨੇ ਇਹ ਮਾਣਹਾਨੀ ਦਾ ਨੋਟਿਸ ਆਈ.ਪੀ.ਸੀ. ਦੀ ਧਾਰਾ 499/500 ਦੇ ਤਹਿਤ ਭੇਜਿਆ ਹੈ, ਜੋ ਕਿਸੇ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਲਈ 2 ਸਾਲ ਤੱਕ ਦੀ ਕੈਦ ਦੀ ਵਿਵਸਥਾ ਕਰਦਾ ਹੈ। ਇਸ ਬਾਰੇ ਕੇਸ ਦਿੱਲੀ ਦੇ ਰੌਜ਼ ਐਵੇਨਿਊ ਕੋਰਟ ਵਿਖੇ ਸੌਰਭ ਜੈਨ ਖ਼ਿਲਾਫ਼ ਦਾਇਰ ਕੀਤੇ ਜਾਵੇਗਾ।
ਪਟਿਆਲਾ ਦੇ ਵਸਨੀਕ ਸੌਰਭ ਜੈਨ ਨੇ ‘ਆਪ’ ’ਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਪਾਰਟੀ ਖਾਸ ਲੋਕਾਂ ਦੀ ਬਣ ਗਈ ਹੈ, ਜਿਥੇ ਸੱਚ ਬੋਲਣ ਵਾਲਿਆਂ ਨੂੰ ਮਾਣਹਾਨੀ ਦੇ ਨੋਟਿਸ ਭੇਜੇ ਜਾ ਰਹੇ ਹਨ। ਜੈਨ ਨੇ ਕਿਹਾ ਕਿ ‘ਆਪ’ ਦੇ ਸੀਨੀਅਰ ਆਗੂਆਂ ਨੇ ਪਹਿਲਾਂ ਪਟਿਆਲਾ ਦਿਹਾਤੀ ਤੋਂ ਟਿਕਟ ਦੇਣ ਦਾ ਵਾਅਦਾ ਕਰਕੇ ਪਾਰਟੀ ’ਚ ਸ਼ਾਮਲ ਕਰਵਾਇਆ ਸੀ ਪਰ ਬਾਅਦ ਵਿਚ ਟਿਕਟ ਕੱਟ ਦਿੱਤੀ। ਉਸ ਤੋਂ ਬਾਅਦ ਪਟਿਆਲਾ ਸ਼ਹਿਰ ਤੋਂ ਟਿਕਟ ਦੇਣ ਦੇ ਨਾਂ ’ਤੇ 2 ਕਰੋੜ ਰੁਪਏ ਉਧਾਰੇ ਮੰਗੇ, ਹੁਣ ਪਾਰਟੀ ਮੁੱਕਰ ਰਹੀ ਹੈ। ਸੌਰਭ ਜੈਨ ਨੇ ਕਿਹਾ ਕਿ ਉਹ ਲਾਈ ਡਿਟੈਕਟਰ ਟੈਸਟ ਲਈ ਤਿਆਰ ਹਨ ਅਤੇ ‘ਆਪ’ ਆਗੂ ਵੀ ਟੈਸਟ ਕਰਵਾਉਣ।