ਰਾਕੇਸ਼ ਟਿਕੈਤ ਵੱਲੋਂ ਕਿਸਾਨ ਅੰਦੋਲਨ ’ਚ ਪ੍ਰਦਰਸ਼ਨਕਾਰੀਆਂ ਦੀ ਹੌਂਸਲਾ ਅਫਜ਼ਾਈ

437
ਚੰਡੀਗੜ੍ਹ ਦੇ ਮਟਕਾ ਚੌਕ ’ਚ ਪ੍ਰਦਰਸ਼ਨ ਵਿੱਚ ਸ਼ਾਮਲ ਹੁੰਦੇ ਕਿਸਾਨ ਆਗੂ ਰਾਕੇਸ਼ ਟਿਕੈਤ।
Share

* ਮਟਕਾ ਚੌਕ ’ਚ ਬਾਬਾ ਲਾਭ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਤੀਆਂ ਦੇ ਪ੍ਰੋਗਰਾਮ ’ਚ ਲਿਆ ਹਿੱਸਾ
ਚੰਡੀਗੜ੍ਹ, 12 ਅਗਸਤ (ਪੰਜਾਬ ਮੇਲ)-ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ’ਚ ਚੱਲ ਰਹੇ ਕਿਸਾਨ ਅੰਦੋਲਨ ਵਿਚ ਪ੍ਰਦਰਸ਼ਨਕਾਰੀਆਂ ਦੀ ਹੌਸਲਾ ਅਫਜ਼ਾਈ ਲਈ ਬੁੱਧਵਾਰ ਦੇਰ ਰਾਤ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਕੇਸ਼ ਟਿਕੈਤ ਚੰਡੀਗੜ੍ਹ ਪਹੁੰਚੇ। ਉਨ੍ਹਾਂ ਪਹਿਲਾਂ ਮਟਕਾ ਚੌਕ ਵਿਚ ਪੱਕਾ ਮੋਰਚਾ ਲਾਈ ਬੈਠੇ ਬਾਬਾ ਲਾਭ ਸਿੰਘ ਨਾਲ ਮੁਲਾਕਾਤ ਕੀਤੀ। ਉਸ ਉਪਰੰਤ ਸੈਕਟਰ-37/38 ਦੀਆਂ ਲਾਈਟਾਂ ’ਤੇ ਮਹਿਲਾ ਕਿਸਾਨ ਆਗੂਆਂ ਵੱਲੋਂ ਮਨਾਏ ਜਾ ਰਹੇ ਤੀਆਂ ਦੇ ਤਿਉਹਾਰ ਵਿਚ ਹਿੱਸਾ ਲਿਆ। ਇਸ ਮੌਕੇ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਦੇਖਣ ਲਈ ਵੱਡੀ ਗਿਣਤੀ ’ਚ ਲੋਕਾਂ ਦੀ ਭੀੜ ਲੱਗੀ ਰਹੀ।
ਸ਼੍ਰੀ ਟਿਕੈਤ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਜਿਹੜੇ ਲੋਕ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਅੰਦੋਲਨ ’ਚ ਹਿੱਸਾ ਨਹੀਂ ਲੈ ਸਕਦੇ ਹਨ, ਉਹ ਚੰਡੀਗੜ੍ਹ ਦੇ ਮੁੱਖ ਚੌਕਾਂ ਵਿਚ ਸ਼ਾਂਤਮਈ ਢੰਗ ਨਾਲ ਚੱਲ ਰਹੇ ਅੰਦੋਲਨ ਨੂੰ ਮਜ਼ਬੂਤ ਕਰਨ। ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਹੋਇਆ ਸੰਘਰਸ਼ ਅੱਜ ਜਨ-ਅੰਦੋਲਨ ਦਾ ਰੂਪ ਧਾਰ ਚੁੱਕਿਆ ਹੈ। ਸ਼੍ਰੀ ਟਿਕੈਤ ਨੇ ਕਿਹਾ ਕਿ ਦੇਸ਼ ਵਿਚ ਪੁਲਿਸ ਅਤੇ ਫੌਜ ਦੇ ਜਵਾਨਾਂ ਦੀ ਡਿਊਟੀ ਬਹੁਤ ਸਖ਼ਤ ਹੈ, ਪਰ ਲੋੜ ਨਾਲੋਂ ਘੱਟ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕਾਂਸਟੇਬਲ ਰੈਂਕ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਅਧਿਆਪਕਾਂ ਦੀਆਂ ਤਨਖਾਹਾਂ ਦੇ ਬਰਾਬਰ ਕਰਵਾਉਣ ਲਈ ਵੀ ਕਿਸਾਨ ਲੜਾਈ ਲੜੇਗਾ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਗੂਗਲ ਮੈਪ ਵਿਚ ਮਟਕਾ ਚੌਕ ਦਾ ਨਾਮ ਬਾਬਾ ਲਾਭ ਸਿੰਘ ਚੌਕ ਰੱਖੇ ਜਾਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਲੋਕ ਵਿਰੋਧੀ ਸਰਕਾਰ ਵਿਰੁੱਧ ਅੰਦੋਲਨ ਲੰਬਾ ਚੱਲੇਗਾ ਅਤੇ ਮਟਕਾ ਚੌਕ ’ਚ ਬਾਬਾ ਲਾਭ ਸਿੰਘ ਦਾ ਬੁੱਤ ਵੀ ਲਗਾਇਆ ਜਾਵੇਗਾ। ਅੰਦੋਲਨ ਵਿਚ ਮਹਿਲਾਵਾਂ ਅਤੇ ਬੱਚਿਆਂ ਦੇ ਇਕੱਠ ਦੀ ਹੌਂਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਤੱਕ ਅੰਦੋਲਨ ਚੱਲ ਰਿਹਾ ਹੈ, ਲੋਕ ਸੁਖਨਾ ਝੀਲ ਜਾਂ ਹੋਰ ਘੁੰਮਣ ਵਾਲੀਆਂ ਥਾਵਾਂ ’ਤੇ ਜਾਣ ਦੀ ਥਾਂ ਚੌਕਾਂ ਵਿਚ ਚੱਲ ਰਹੇ ਅੰਦੋਲਨ ਵਿਚ ਸ਼ਮੂਲੀਅਤ ਕਰਨ। ਸ਼੍ਰੀ ਟਿਕੈਤ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ 15 ਅਗਸਤ ਨੂੰ ਅੰਦੋਲਨ ਵਾਲੀਆਂ ਥਾਵਾਂ ’ਤੇ ਤਿਰੰਗਾ ਝੰਡਾ ਲਹਿਰਾਇਆ ਜਾਵੇ। ਇਸ ਦੇ ਨਾਲ ਹੀ ਵਾਹਨਾਂ ’ਤੇ ਤਿਰੰਗਾ ਝੰਡਾ ਅਤੇ ਕਿਸਾਨੀ ਦਾ ਝੰਡਾ ਲਗਾ ਕੇ ਆਵਾਜ਼ ਬੁਲੰਦ ਕੀਤੀ ਜਾਵੇ।

Share