ਰਾਕੇਸ਼ ਟਿਕੈਤ ’ਤੇ ਹਮਲਾ ਮਾਮਲੇ ’ਚ 16 ਲੋਕ ਗ੍ਰਿਫ਼ਤਾਰ

160
Share

ਅਲਵਰ, 3 ਅਪ੍ਰੈਲ (ਪੰਜਾਬ ਮੇਲ)- ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਕਿਸਾਨ ਨੇਤਾ ਵੱਖ-ਵੱਖ ਸੂਬਿਆਂ ਵਿੱਚ ਪ੍ਰਚਾਰ ਕਰਨ ਲਈ ਜਾ ਰਹੇ ਹਨ। ਇਸੇ ਵਿਚਕਾਰ ਬੀਤੇ ਕੱਲ੍ਹ ਕਿਸਾਨ ਆਗੂ ਰਾਕੇਸ਼ ਟਿਕੈਤ ’ਤੇ ਰਾਜਸਥਾਨ ’ਚ ਹਮਲਾ ਹੋਇਆ ਸੀ। ਪੁਲਿਸ ਨੇ ਹਮਲਾ ਕਰਨ ਦੇ ਦੋਸ਼ ਵਿੱਚ 16 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਰਾਕੇਸ਼ ਟਿਕੈਤ ਦੇ ਕਾਫਲੇ ’ਤੇ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਅਲਵਰ ਜ਼ਿਲ੍ਹੇ ’ਚ ਹਮਲਾ ਕੀਤਾ ਗਿਆ। ਕੁਝ ਲੋਕਾਂ ਨੇ ਸਵਾਗਤ ਦੇ ਬਹਾਨੇ ਉਨ੍ਹਾਂ ਦੀ ਕਾਰੀ ਤੇ ਉਸ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਲਈ ਰਾਕੇਸ਼ ਟਿਕੈਤ ਨੇ ਹਮਲੇ ਲਈ ਭਾਜਪਾ ਨੂੰ ਜ਼ਿੰਮੇਵਾਰ ਦੱਸਿਆ ਹੈ। ਟਿਕੈਤ ਨੇ ਦੋਸ਼ ਲਾਇਆ ਕਿ ਭਾਜਪਾ ਦੇ ਬੰਦਿਆਂ ਨੇ ਉਨ੍ਹਾਂ ’ਤੇ ਹਮਲਾ ਕੀਤਾ ਹੈ। ਐਫਆਈਆਰ ਮੁਤਾਬਕ ਰਾਕੇਸ਼ ਟਿਕੈਤ ਦੇ ਕਾਫਲੇ ’ਤੇ ਸ਼ੁੱਕਰਵਾਰ ਸ਼ਾਮ ਨੂੰ 33 ਵਿਅਕਤੀਆਂ ਨੇ ਹਮਲਾ ਕੀਤਾ ਸੀ। ਐਫਆਈਆਰ ਵਿਚ ਕਿਹਾ ਗਿਆ ਹੈ ਕਿ ਸਵਾਗਤ ਕਰਨ ਦੇ ਬਹਾਨੇ ਟਿਕੈਤ ਦੀ ਕਾਰ ਰੋਕੀ ਗਈ, ਜਿਸ ਤੋਂ ਬਾਅਦ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਗਿਆ ਤੇ ਗੱਡੀ ’ਤੇ ਸਿਆਹੀ ਵੀ ਸੁੱਟੀ ਗਈ। ਦੱਸ ਦਈਏ ਕਿ ਰਾਕੇਸ਼ ਟਿਕੈਤ ’ਤੇ ਹਮਲਾ ਉਸ ਵੇਲੇ ਕੀਤਾ ਗਿਆ ਜਦੋਂ ਉਹ ਸਵਾਲੀ ਵਿਚ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਬਾਨਸੂਰ ਵਿਚ ਸਭਾ ਕਰਨ ਜਾ ਰਹੇ ਸੀ। ਹਮਲੇ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਇੱਕ ਕੇਸ ਦਰਜ ਕੀਤਾ ਗਿਆ ਸੀ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਨੇ ਉਨ੍ਹਾਂ ’ਤੇ ਹਮਲਾ ਕਰਵਾਇਆ ਹੈ। ਉਧਰ ਭਾਜਪਾ ਨੇ ਇਸ ਮਾਮਲੇ ਤੋਂ ਆਪਣਾ ਪੱਲਾ ਝਾੜਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਇਸ ਹਮਲੇ ਨਾਲ ਕੋਈ ਸਬੰਧ ਨਹੀਂ ਹੈ।


Share