ਰਣਜੀਤ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ

157
Share

ਚੰਡੀਗੜ੍ਹ, 23 ਦਸੰਬਰ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਪਾਰਟੀ ਦੇ ਹੋਰ ਆਗੂ ਅੱਜ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ ਹਨ। ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਟਕਸਾਲੀ ਆਗੂਆਂ ਦੀ ਘਰ ਵਾਪਸੀ ਲਈ ਅੱਜ ਉਚੇਚੇ ਤੌਰ ’ਤੇ ਜਥੇਦਾਰ ਬ੍ਰਹਮਪੁਰਾ ਦੇ ਚੰਡੀਗੜ੍ਹ ਸਥਿਤ ਗ੍ਰਹਿ ਵਿਖੇ ਪਹੁੰਚੇ। ਜਥੇਦਾਰ ਬ੍ਰਹਮਪੁਰਾ ਨੇ ਸਾਲ 2018 ਵਿਚ ਅਕਾਲੀ ਦਲ ਨਾਲੋਂ ਅਲਹਿਦਾ ਹੋ ਕੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬਣਾਇਆ ਸੀ ਪਰ ਸਾਲ ਕੁ ਬਾਅਦ ਆਪਣੇ ਦਲ ਦਾ ਰਲੇਵਾਂ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿਚ ਕਰ ਦਿੱਤਾ ਸੀ ਤੇ ਉਹ ਇਸ ਦਲ ਦੇ ਸਰਪ੍ਰਸਤ ਸਨ। ਜਥੇਦਾਰ ਬ੍ਰਹਮਪੁਰਾ ਪਿਛਲੇ ਕਈ ਦਿਨਾਂ ਤੋਂ ਸ਼੍ਰੀ ਢੀਂਡਸਾ ਨਾਲ ਨਾਰਾਜ਼ ਚੱਲੇ ਆ ਰਹੇ ਸਨ। ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਭਲੇ ਲਈ ਪੰਥਕ ਏਕਤਾ ਦਾ ਸੱਦਾ ਦਿੱਤਾ ਸੀ। ਜਥੇਦਾਰ ਬ੍ਰਹਮਪੁਰਾ ਤੇ ਉਨ੍ਹਾਂ ਦੇ ਸਾਥੀਆਂ ਦਾ ਕਹਿਣਾ ਹੈ ਕਿ ਜਥੇਦਾਰ ਅਕਾਲ ਤਖਤ ਦੀ ਅਪੀਲ ਅੱਜ ਦੇ ਦੌਰ ’ਚ ਮਹੱਤਵ ਰੱਖਦੀ ਹੈ, ਜਿਸ ਕਰਕੇ ਅਕਾਲੀ ਦਲ ’ਚ ਸ਼ਾਮਲ ਹੋ ਰਹੇ ਹਨ। ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਬ੍ਰਹਮਪੁਰਾ ਤੇ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਜਥੇਦਾਰ ਬ੍ਰਹਮਪੁਰਾ ਦਾ ਅਸ਼ੀਰਵਾਦ ਪਾਰਟੀ ਨੂੰ ਮਜ਼ਬੂਤੀ ਬਖਸ਼ੇਗਾ। ਸ਼੍ਰੀ ਬਾਦਲ ਨੂੰ ਪਾਰਟੀ ਦਾ ਉਪ ਸਰਪ੍ਰਸਤ ਨਿਯੁਕਤ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ ਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਹਾਜ਼ਰ ਸਨ।

Share