ਯੈੱਸ ਬੈਂਕ ਘੁਟਾਲਾ: ਸੀ.ਬੀ.ਆਈ. ਵੱਲੋਂ ਰਾਣਾ ਕਪੂਰ ਸਮੇਤ 7 ਲੋਕਾਂ ਖਿਲਾਫ ਲੁਕਆਊਟ ਨੋਟਿਸ ਜਾਰੀ

717
Share

ਨਵੀਂ ਦਿੱਲੀ, 9 ਮਾਰਚ (ਪੰਜਾਬ ਮੇਲ)- ਯੈੱਸ ਬੈਂਕ ਘੁਟਾਲੇ ‘ਚ ਸੀ.ਬੀ.ਆਈ. ਨੇ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਸਣੇ ਸੱਤ ਲੋਕਾਂ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਇਸ ਸੂਚੀ ਵਿਚ ਡੀ.ਐੱਚ.ਐੱਫ.ਐੱਲ. ਦੇ ਚੇਅਰਮੈਨ ਕਪਿਲ ਵਾਧਵਾਨ ਦਾ ਵੀ ਨਾਮ ਸ਼ਾਮਲ ਹੈ।
ਸੀ.ਬੀ.ਆਈ. ਨੇ ਰਾਣਾ ਕਪੂਰ, ਉਨ੍ਹਾਂ ਦੀ ਬੇਟੀ ਰੋਸ਼ਨੀ ਕਪੂਰ, ਰਾਖੀ ਕਪੂਰ ਟੰਡਨ ਅਤੇ ਰਾਧਾ ਕਪੂਰ ਦੇ ਨਾਲ-ਨਾਲ ਡੀ.ਐੱਚ.ਐੱਫ.ਐੱਲ. ਦੇ ਚੇਅਰਮੈਨ ਕਪਿਲ ਵਾਧਵਾਨ ਅਤੇ ਆਰ ਕੇ ਡਬਲਿਯੂ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਰਾਜੇਸ਼ ਕੁਮਾਰ ਵਾਧਵਾਨ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ।
ਯੈੱਸ ਬੈਂਕ ਘੁਟਾਲੇ ਵਿਚ ਸੀ.ਬੀ.ਆਈ. ਨੇ ਸੋਮਵਾਰ ਨੂੰ ਬੈਂਕ ਸਹਿ-ਸੰਸਥਾਪਕ ਰਾਣਾ ਕਪੂਰ ਦੇ ਪਰਿਵਾਰ ਨੂੰ 600 ਕਰੋੜ ਰੁਪਏ ਦੀ ਰਿਸ਼ਵਤ ਦੇਣ ਬਦਲੇ 7 ਥਾਵਾਂ ‘ਤੇ ਛਾਪੇ ਮਾਰੇ। ਸੀ.ਬੀ.ਆਈ. ਨੇ ਰਾਣਾ ਦੀ ਪਤਨੀ (ਬਿੰਦੂ), ਤਿੰਨ ਧੀਆਂ (ਰੋਸ਼ਨੀ, ਰਾਖੀ, ਰਾਧਾ) ਅਤੇ ਇਕ ਅਣਪਛਾਤੇ ਸਣੇ 7 ਲੋਕਾਂ ਅਤੇ 6 ਕੰਪਨੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਸੀ.ਬੀ.ਆਈ. ਅਧਿਕਾਰੀਆਂ ਦੀ ਇਕ ਟੀਮ ਨੇ ਮੁਲਜ਼ਮ ਦੀ ਰਿਹਾਇਸ਼ ਅਤੇ ਮੁੰਬਈ ਸਥਿਤ ਸਰਕਾਰੀ ਕੰਪਲੈਕਸ ਦੀ ਤਲਾਸ਼ੀ ਲਈ।
ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਦੋਸ਼ ਲਾਇਆ ਕਿ ਕਪੂਰ ਨੇ ਡੀ.ਐੱਚ.ਐੱਫ.ਐੱਲ. ਦੇ ਪ੍ਰਮੋਟਰ ਕਪਿਲ ਵਾਧਵਾਨ ਨਾਲ ਅਪਰਾਧਿਕ ਸਾਜ਼ਿਸ਼ ਰਚ ਕੇ ਯੈੱਸ ਬੈਂਕ ਰਾਹੀਂ ਡੀ.ਐੱਚ.ਐੱਫ.ਐੱਲ. ਨੂੰ ਵਿੱਤੀ ਸਹਾਇਤਾ ਦਿੱਤੀ ਸੀ ਅਤੇ ਬਦਲੇ ਵਿਚ ਰਾਣਾ ਦੇ ਪਰਿਵਾਰਕ ਮੈਂਬਰਾਂ ਨੂੰ ਅਣਉਚਿਤ ਲਾਭ ਮਿਲੇ।
ਸੀ.ਬੀ.ਆਈ. ਐੱਫ.ਆਈ.ਆਰ. ਦੇ ਅਨੁਸਾਰ, ਘੁਟਾਲਾ ਅਪ੍ਰੈਲ ਤੋਂ ਜੂਨ 2018 ਦਰਮਿਆਨ ਸ਼ੁਰੂ ਹੋਇਆ ਸੀ, ਜਦੋਂ ਯੈੱਸ ਬੈਂਕ ਨੇ ਦੀਵਾਨ ਹਾਊਸਿੰਗ ਫਾਈਨਾਂਸ ਕਾਰਪੋਰੇਸ਼ਨ ਲਿਮਟਿਡ (ਡੀ.ਐੱਚ.ਐੱਫ.ਐੱਲ.) ਦੇ ਥੋੜ੍ਹੇ ਸਮੇਂ ਦੇ ਕਰਜ਼ੇ ਦੇ ਕਾਗਜ਼ਾਂ ਵਿਚ 3,700 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।
ਉਨ੍ਹਾਂ ਕਿਹਾ ਕਿ ਇਸ ਦੇ ਬਦਲੇ ਵਿਚ ਵਾਧਵਾਨ ਨੇ ਕਥਿਤ ਤੌਰ ‘ਤੇ ਕਪੂਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ 600 ਕਰੋੜ ਰੁਪਏ ਦਾ ਲਾਭ ਦਿੱਤਾ। ਉਨ੍ਹਾਂ ਕਿਹਾ ਕਿ ਇਹ ਲਾਭ ਡੀ.ਓ.ਆਈ.ਟੀ. ਅਰਬਨ ਵੈਂਚਰਜ਼ (ਇੰਡੀਆ) ਪ੍ਰਾਈਵੇਟ ਲਿਮਟਿਡ ਨੂੰ ਕਰਜ਼ੇ ਵਜੋਂ ਦਿੱਤਾ ਗਿਆ ਸੀ।

ਰਾਣਾ ਕਪੂਰ ਵਿਰੁਧ ਧੋਖਾਧੜੀ ਦਾ ਕੇਸ ਦਰਜ
ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਇਸ ਸਮੇਂ ਈ.ਡੀ. ਦੀ ਹਿਰਾਸਤ ਵਿਚ ਹਨ। ਐਤਵਾਰ ਨੂੰ ਵਿਸ਼ੇਸ਼ ਅਦਾਲਤ ਨੇ ਉਸ ਨੂੰ 11 ਮਾਰਚ ਤੱਕ ਈਡੀ ਹਿਰਾਸਤ ‘ਚ ਭੇਜ ਦਿੱਤਾ ਹੈ। ਈਡੀ ਦੁਆਰਾ ਤਕਰੀਬਨ 30 ਘੰਟਿਆਂ ਦੀ ਪੁੱਛਗਿੱਛ ਕਰਨ ਤੋਂ ਬਾਅਦ, ਉਸ ਨੂੰ ਸਵੇਰੇ 4 ਵਜੇ ਗ੍ਰਿਫ਼ਤਾਰ ਕੀਤਾ ਗਿਆ। ਉਸ ਤੋਂ ਬਾਅਦ ਉਸ ਨੂੰ ਪੰਜ ਦਿਨਾਂ ਰਿਮਾਂਡ ਦੀ ਮੰਗ ਕਰਦਿਆਂ ਹੋਲੀਡੇਅ ਕੋਰਟ ਵਿਚ ਪੇਸ਼ ਕੀਤਾ ਗਿਆ। ਉਸ ‘ਤੇ ਮਨੀ ਲਾਂਡਰਿੰਗ ਰੋਕੂ ਐਕਟ ਅਤੇ ਹੋਰ ਧਾਰਾਵਾਂ ਤਹਿਤ ਦੋਸ਼ ਆਇਦ ਕੀਤੇ ਗਏ ਹਨ।


Share