ਯੂ.ਪੀ. ਪੁਲਿਸ ਵੱਲੋਂ ਰਾਕੇਸ਼ ਟਿਕੈਤ ਖ਼ਿਲਾਫ਼ ਇਤਰਾਜ਼ਯੋਗ ਪੋਸਟਰ ਲਾਉਣ ਦੇ ਦੋਸ਼ ਹੇਠ ਦੋ ਗਿ੍ਰਫ਼ਤਾਰ

611
Share

ਬਹਿਰਾਇਚ (ਉੱਤਰ ਪ੍ਰਦੇਸ਼), 10 ਸਤੰਬਰ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਦੀ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਨੇਤਾ ਰਾਕੇਸ਼ ਟਿਕੈਤ ਦੀ ‘ਕੁੱਟਮਾਰ ਕਰਨ ਵਾਲੇ’ ਨੂੰ 11 ਲੱਖ ਰੁਪਏ ਦਾ ਇਨਾਮ ਦੇਣ ਦੇ ਐਲਾਨ ਅਤੇ ਇਤਰਾਜ਼ਯੋਗ ਸ਼ਬਦਾਵਲੀ ਵਾਲੇ ਪੋੋਸਟਰ ਲਾਉਣ ਦੇ ਦੋਸ਼ ਹੇਠ ਇੱਕ ਕਿਸਾਨ ਯੂਨੀਅਨ ਦੇ ਨੇਤਾ ਅਤੇ ਇੱਕ ਪਿ੍ਰੰਟਿੰਗ ਪ੍ਰੈੱਸ ਮਾਲਕ ਨੂੰ ਗਿ੍ਰਫ਼ਤਾਰ ਕੀਤਾ ਹੈ। ਪੁਲਿਸ ਨੇ ਸਾਰੀਆਂ ਥਾਵਾਂ ’ਤੇ ਲੱਗੇ ਪੋੋਸਟਰ ਹਟਵਾ ਦਿੱਤੇ ਹਨ। ਇਹ ਪੋਸਟਰ ਕਿਸਾਨ-ਕਰਜ਼ ਮੁਕਤੀ ਮੁਹਿੰਮ ਸੰਗਠਨ ਦੇ ਨਾਂਅ ਹੇਠ ਜਾਰੀ ਕੀਤੇ ਗਏ ਸਨ। ਬਹਿਰਾਇਚ ਦੇ ਏ.ਸੀ.ਪੀ. (ਸ਼ਹਿਰੀ) ਕੁੰਵਰ ਗਿਆਨੰਜੈ ਸਿੰਘ ਨੇ ਸ਼ੁੱਕਰਵਾਰ ਨੂੰ ਜਾਰੀ ਬਿਆਨ ’ਚ ਦੱਸਿਆ, ‘ਪੋਸਟਰ ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਬਹਿਰਾਇਚ ਜ਼ਿਲ੍ਹੇ ਦੇ ਥਾਣਾ ਹਜ਼ੂਰਪੁਰ ਇਲਾਕਾ ਵਾਸੀ ਲਵ ਵਿਕਰਮ ਸਿੰਘ ਉਰਫ਼ ਜੈਨੂ ਠਾਕੁਰ ਨਾਮੀਂ ਨੌਜਵਾਨ ਨੇ ਜੋਸ਼ ਵਿਚ ਆ ਕੇ ਸ਼ਹਿਰ ਦੇ ਅਮਨ ਗੁਪਤਾ ਦੀ ਪਿ੍ਰੰਟਿੰਗ ਪ੍ਰੈੱਸ ਤੋਂ ਲਗਪਗ 50 ਪੋਸਟਰ ਛਪਵਾ ਕੇ ਵੀਰਵਾਰ ਨੂੰ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਲਾ ਦਿੱਤੇ ਸਨ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਸਾਰੀਆਂ ਥਾਵਾਂ ਤੋਂ ਪੋਸਟਰ ਹਟਵਾ ਦਿੱਤੇ ਹਨ। ਜੈਨੂ ਠਾਕੁਰ ਅਤੇ ਪਿ੍ਰੰਟਿੰਗ ਪ੍ਰੈੱਸ ਮਾਲਕ ਅਮਨ ਗੁਪਤਾ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਇਸ ਘਟਨਾ ਨੂੰ ਲੈ ਕੇ ਸ਼ਹਿਰ ਵਿਚ ਅਮਨ ਤੇ ਕਾਨੂੰਨ ਸਬੰਧੀ ਕੋਈ ਸਮੱਸਿਆ ਨਹੀਂ ਹੈ।’

Share