ਯੂ.ਕੇ. ਸਰਕਾਰ ਵੱਲੋਂ ਪੱਤਰਕਾਰਾਂ ਨੂੰ ਧਮਕੀਆਂ ਤੇ ਹਮਲਿਆਂ ਤੋਂ ਬਚਾਉਣ ਲਈ ਰਾਸ਼ਟਰੀ ਕਾਰਵਾਈ ਯੋਜਨਾ ਜਾਰੀ

391
Share

ਲੰਡਨ, 12 ਮਾਰਚ (ਪੰਜਾਬ ਮੇਲ)-ਬਰਤਾਨੀਆ ਸਰਕਾਰ ਨੇ ਪੱਤਰਕਾਰਾਂ ਨੂੰ ਧਮਕੀਆਂ ਤੇ ਹਮਲਿਆਂ ਆਦਿ ਤੋਂ ਬਚਾਉਣ ਲਈ ਦੇਸ਼ ਦੀ ਪਹਿਲੀ ਰਾਸ਼ਟਰੀ ਕਾਰਵਾਈ ਯੋਜਨਾ ਜਾਰੀ ਕੀਤੀ ਹੈ। ਇਸ ਯੋਜਨਾ ’ਚ ਕੰਮ ਦੇ ਸਬੰਧ ’ਚ ਪੱਤਰਕਾਰਾਂ ਨੂੰ ਮਿਲਣ ਵਾਲੀਆਂ ਹਿੰਸਕ ਧਮਕੀਆਂ, ਡਰਾਉਣ ਧਮਕਾਉਣ ਦੇ ਮਾਮਲਿਆਂ ਦੀ ਅੱਗੇ ਜਾਂਚ ਕਰਨ ਅਤੇ ਪੁਲਿਸ ਬਲਾਂ ਤੇ ਪੱਤਰਕਾਰਾਂ ਲਈ ਸਿਖਲਾਈ ਸ਼ਾਮਲ ਹੈ। ਸਰਕਾਰ ਨੇ ਪੱਤਰਕਾਰਾਂ ਦੀਆਂ ਸ਼ਿਕਾਇਤਾਂ ’ਤੇ ਇਹ ਕਦਮ ਚੁੱਕਿਆ ਹੈ, ਜਿਨ੍ਹਾਂ ’ਚ ਉਨ੍ਹਾਂ ਨੇ ਕੰਮ ਦੇ ਸਬੰਧ ’ਚ ਧਮਕੀਆਂ ਮਿਲਣੀਆਂ, ਚਾਕੂ ਦੀ ਨੋਕ ’ਤੇ ਡਰਾਉਣਾ, ਕੁੱਟਮਾਰ ਕਰਨ, ਜ਼ਬਰਨ ਅਗਵਾ, ਜਬਰ ਜਨਾਹ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਆਦਿ ਬਾਰੇ ਗੱਲ ਕੀਤੀ ਹੈ। ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਤੇ ਆਜ਼ਾਦ ਪ੍ਰੈੱਸ ਸਾਡੇ ਲੋਕਤੰਤਰ ਦਾ ਦਿਲ ਹੈ ਅਤੇ ਪੱਤਰਕਾਰਾਂ ਨੂੰ ਬਿਨਾਂ ਕਿਸੇ ਡਰ ਦੇ ਆਪਣਾ ਕੰਮ ਕਰਨ ਦਾ ਮਾਹੌਲ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪੱਤਰਕਾਰ ਆਪਣਾ ਕੰਮ ਕਰਦੇ ਹਨ, ਉਨ੍ਹਾਂ ’ਤੇ ਕਾਇਰਤਾ ਪੂਰਨ ਹਮਲੇ ਅਤੇ ਤਸ਼ੱਦਦ ਨਹੀਂ ਹੋਣ ਦਿੱਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਯੋਜਨਾ ਜਨਤਾ ਨੂੰ ਜਾਣਕਾਰੀ ਮੁਹੱਈਆ ਕਰਨ ਵਾਲਿਆਂ ਤੇ ਸਰਕਾਰ ਨੂੰ ਜ਼ਿੰਮੇਵਾਰ ਬਣਾਈ ਰੱਖਣ ਵਾਲਿਆਂ ਨੂੰ ਸੁਰੱਖਿਅਤ ਰੱਖਣ ਦੀ ਇਕ ਸ਼ੁਰੂਆਤ ਹੈ। ਨਵੰਬਰ 2020 ’ਚ ਨੈਸ਼ਨਲ ਯੂਨੀਅਨ ਆਫ ਜਰਨਲਿਸਟਜ਼ ਵੱਲੋਂ ਕੀਤੇ ਗਏ ਸਰਵੇਖਣ ’ਚ ਪਾਇਆ ਗਿਆ ਕਿ ਸਵਾਲਾਂ ਦਾ ਜਵਾਬ ਦੇਣ ਵਾਲਿਆਂ ’ਚੋਂ ਅੱਧੇ ਲੋਕ ਆਨਲਾਈਨ ਗਾਲੀ-ਗਲੋਚ ਦਾ ਸ਼ਿਕਾਰ ਹੋਏ ਅਤੇ ਇਕ ਚੌਥਾਈ ਲੋਕਾਂ ਨੇ ਹਮਲਿਆਂ ਦਾ ਸ਼ਿਕਾਰ ਹੋਣਾ ਦੱਸਿਆ ਸੀ।

Share