ਯੂ.ਕੇ. ਸਰਕਾਰ ਨੂੰ ਕੋਰੋਨਾਵਾਇਰਸ ਕਾਰਨ ਦੇਸ਼ ਦੀ ਇਕਾਨਮੀ ਪ੍ਰਭਾਵਿਤ ਹੋਣ ਦਾ ਪਿਆ ਡਰ

900

ਲੰਡਨ , 3 ਮਾਰਚ (ਪੰਜਾਬ ਮੇਲ)- ਕੋਰੋਨਾਵਾਇਰਸ ਦੇ ਪ੍ਰਭਾਵ ਕਾਰਨ ਯੂਕੇ ਸਰਕਾਰ ਨੂੰ ਡਰ ਪੈ ਗਿਆ ਹੈ ਕਿ ਦੇਸ਼ ਦੀ ਇਕਾਨਮੀ ਵੀ ਚੀਨ ਵਾਂਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਵੇਗੀ। ਇਸ ਤੋਂ ਪਹਿਲਾਂ ਕੋਰੋਨਾਵਾਇਰਸ ਕਾਰਨ ਚੀਨ ਦੀ ਇਕਾਨਮੀ ਨੂੰ ਵੀ ਵੱਡਾ ਝਟਕਾ ਲੱਗਿਆ ਹੈ। ਚੀਨ ਦੀ ਅਰਥਵਿਵਸਥਾ ਨੂੰ ਲੱਗੇ ਖੋਰੇ ਨੂੰ ਦੇਖਦਿਆਂ ਹੁਣ ਬ੍ਰਿਟਿਸ਼ ਸਰਕਾਰ ਨੂੰ ਆਪਣੇ ਦੇਸ਼ ਦੀ ਚਿੰਤਾ ਪੈ ਗਈ ਹੈ।
ਕੋਰੋਨਾਵਾਇਰਸ ਦੇ ਕਹਿਰ ਨੂੰ ਦੇਖਦਿਆਂ ਬ੍ਰਿਟਿਸ਼ ਸਰਕਾਰ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਇਸ ਦੇ ਫੈਲਾਅ ਕਾਰਨ ਮੁਮਕਿਨ ਹੈ ਕਿ ਯੂਕੇ ਵਿਚ ਕੰਮ ਕਰਨ ਵਾਲਾ ਹਰੇਕ ਪੰਜਵੇਂ ਕਰਮਚਾਰੀ ਨੂੰ ਕੰਮ ਤੋਂ ਗੈਰ-ਹਾਜ਼ਰ ਹੋਣਾ ਪਵੇ। ਅਜਿਹੇ ਵਿਚ ਦੇਸ਼ ਦੀ ਅਰਥਵਿਵਸਥਾ ਨੂੰ ਤਕੜਾ ਝਟਕਾ ਲੱਗ ਸਕਦਾ ਹੈ। ਜ਼ਿਕਰਯੋਗ ਹੈ ਕਿ ਇਕੱਲੇ ਚੀਨ ਵਿਚ ਕੋਰੋਨਾਵਾਇਰਸ ਕਾਰਨ 2900 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ ਤੇ 85 ਹਜ਼ਾਰ ਤੋਂ ਵਧੇਰੇ ਲੋਕ ਇਸ ਨਾਲ ਇਨਫੈਕਟਡ ਹੋਏ ਹਨ।
ਮੰਗਲਵਾਰ ਨੂੰ ਪ੍ਰਕਾਸ਼ਤ ਕੋਰੋਨਾਵਾਇਰਸ ਐਕਸ਼ਨ ਪਲਾਨ ਮੁਤਾਬਕ ਪੁਲਿਸ ਅਧਿਕਾਰੀ ਤੇ ਸਟਾਫ ਮੈਂਬਰ ਕਰੋਨਾਵਾਇਰਸ ਨਾਲ ਨਿਪਟਣ ਤੇ ਜਨਤਕ ਵਿਵਸਥਾ ਨੂੰ ਬਣਾਈ ਰੱਖਣ ‘ਤੇ ਧਿਆਨ ਕੇਂਦਰਿਤ ਕਰਨਗੇ। ਇਸ ਦੌਰਾਨ ਕਰਮਚਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਯੂਕੇ ਵਿਚ ਬੀਮਾਰੀ ਦੇ ਫੈਲਾਅ ਦੇ ਕਾਰਨ ਦਾ ਪਤਾ ਲਾਇਆ ਜਾਵੇ। ਇਸ ਦੇ ਨਾਲ ਹੀ ਦੇਸ਼ ਵਿਚ ਸਕੂਲ ਬੰਦ ਰੱਖਣ, ਜਨਤਕ ਸਮਾਗਮਾਂ ਵਿਚ ਭਾਰੀ ਇਕੱਠ ਤੇ ਹੋਰ ਜਨਤਕ ਥਾਵਾਂ ‘ਤੇ ਇਕੱਠੇ ਹੋਣ ਤੋਂ ਬਚਣ ਸਬੰਧੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਦੇਸ਼ ਵਿਚ ਕੋਰੋਨਾਵਾਇਰਸ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਵਿਚ ਦੇਸ਼ ਭਰ ਵਿਚ ਵਾਇਰਸ ਸਬੰਧੀ ਟੈਸਟ ਕੀਤੇ ਜਾ ਰਹੇ ਹਨ। ਮੰਗਲਵਾਰ ਸਵੇਰ ਤੱਕ, ਯੂਕੇ ਵਿਚ ਵਾਇਰਸ ਦੇ 40 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ ਹਨ। ਦੇਸ਼ ਦੇ ਸਿਹਤ ਵਿਭਾਗ ਦੇ ਮੁਤਾਬਕ ਬ੍ਰਿਟੇਨ ਵਿਚ ਕੁੱਲ 13,525 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ, ਜਿਹਨਾਂ ਵਿਚੋਂ 13,485 ਨਕਾਰਾਤਮਕ ਤੇ 40 ਸਕਾਰਾਤਮਕ ਹੋਣ ਦੀ ਪੁਸ਼ਟੀ ਹੋਈ ਹੈ।