ਯੂ.ਕੇ. ਵੱਲੋਂ ਬਰਤਾਨਵੀ ਲੋਕਾਂ ਦੇ ਯਾਤਰਾ ਲਈ ‘ਹਰੀ ਸੂਚੀ’ ਵਾਲੇ ਦੇਸ਼ਾਂ ਦੇ ਨਾਮ ਜਾਰੀ

126
Share

ਲੰਡਨ, 9 ਮਈ (ਪੰਜਾਬ ਮੇਲ) ਬਰਤਾਨਵੀ ਲੋਕਾਂ ਲਈ ਬਿਨਾਂ ਇਕਾਂਤਵਾਸ ਦੀਆਂ ਪਾਬੰਦੀਆਂ ਦੇ ਯਾਤਰਾ ਵਾਲੇ ਹਰੀ ਸੂਚੀ ਵਾਲੇ ਦੇਸ਼ਾਂ ਦੇ ਨਾਮ ਜਾਰੀ ਕੀਤੇ ਗਏ ਹਨ। ਕੋਰੋਨਾਵਾਇਰਸ ਤੋਂ ਪ੍ਰਭਾਵਿਤ ਦੇਸ਼ਾਂ ਲਈ ‘ਟ੍ਰੈਫਿਕ ਲਾਈਟ’ ਆਧਾਰ ’ਤੇ ਕੁਝ ਚੋਣਵੇਂ ਦੇਸ਼ਾਂ ਨੂੰ ਇਸ ‘ਹਰੀ ਸੂਚੀ’ ਵਿਚ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਵਿਚ ਮੁੱਖ ਤੌਰ ’ਤੇ ਪੁਰਤਗਾਲ, ਅਜ਼ੋਰਸ ਅਤੇ ਮਡੇਈਰਾ ਸ਼ਾਮਿਲ ਹੋਣਗੇ, ਜਿੱਥੇ ਕਿ ਬਰਤਾਨਵੀ ਨਾਗਰਿਕ 17 ਮਈ ਤੋਂ ਆਜ਼ਾਦ ਤੌਰ ’ਤੇ ਆਉਣ ਦੇ ਯੋਗ ਹੋਣਗੇ। ਇਸ ਦੇ ਨਾਲ ਹੀ ਗਿਬਰਾਲਟਰ, ਇਜ਼ਰਾਈਲ, ਆਈਸਲੈਂਡ, ਫੈਰੋ ਟਾਪੂ, ਸਿੰਗਾਪੁਰ ਅਤੇ ਬਰੂਨੇਈ ਵੀ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਨਾਲ ਹਰੀ ਸੂਚੀ ਵਿਚ ਹਨ।¿;
ਇਸ ਦੇ ਇਲਾਵਾ ਫਾਕਲੈਂਡਜ਼, ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿਚ ਆਈਲੈਂਡਜ਼, ਸੇਂਟ ਹੇਲੇਨਾ, ਅਸੈਂਸੇਨ ਆਈਲੈਂਡ ਅਤੇ ਟਿ੍ਰਸਟਨ ਡਾ ਕੂਨਹਾ ਦੇ ਦੂਰ-ਦੁਰਾਡੇ ਇਲਾਕੇ ਵੀ ਸ਼ਾਮਿਲ ਹਨ। ਇਸ ਹਰੀ ਸੂਚੀ ਵਿਚ ਹੋਣ ਦੇ ਬਾਵਜੂਦ ਲੋਕ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਸਿੰਗਾਪੁਰ ਨਹੀਂ ਜਾ ਸਕਣਗੇ ਕਿਉਂਕਿ ਇਹ ਦੇਸ਼ ਬਰਤਾਨਵੀ ਸੈਲਾਨੀਆਂ ਲਈ ਬੰਦ ਹਨ। ਹਾਲਾਂਕਿ ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਨੇ ਇਹ ਨਹੀਂ ਦੱਸਿਆ ਕਿ ਉਹ ਆਪਣੇ ਸਖਤ ਯਾਤਰਾ ਦੇ ਨਿਯਮਾਂ ਨੂੰ ਕਦੋਂ ਸੌਖਾ ਕਰ ਸਕਦੇ ਹਨ। ਹਰੀ ਸੂਚੀ ਵਾਲੇ ਦੇਸ਼ਾਂ ਦੇ ਯਾਤਰੀਆਂ ਨੂੰ ਆਪਣੀ ਵਾਪਸੀ ’ਤੇ ਇਕਾਂਤਵਾਸ ਹੋਣ ਦੀ ਜ਼ਰੂਰਤ ਨਹੀਂ ਹੋਵੇਗੀ ਪਰ ਉਨ੍ਹਾਂ ਨੂੰ ਆਪਣੀ ਯਾਤਰਾ ਤੋਂ ਪਹਿਲਾਂ ਅਤੇ ਬਾਅਦ ਵਿਚ ਕੋਵਿਡ ਟੈਸਟ ਕਰਵਾਉਣ ਦੀ ਜ਼ਰੂਰਤ ਹੋਵੇਗੀ।¿;
ਜਦਕਿ ਲਾਲ ਸੂਚੀ ਵਾਲੇ ਯਾਤਰੀਆਂ ਲਈ ਸਖ਼ਤ ਨਿਯਮ ਹਨ। ਸਿਰਫ ਯੂ.ਕੇ. ਜਾਂ ਆਇਰਿਸ਼ ਨਾਗਰਿਕ, ਜਾਂ ਯੂ.ਕੇ. ਦੇ ਵਸਨੀਕਾਂ ਨੂੰ ਹੀ ਵਾਪਸ ਆਉਣ ਦੀ ਆਗਿਆ ਹੈ ਅਤੇ ਉਨ੍ਹਾਂ ਨੂੰ ਸਰਕਾਰੀ ਹੋਟਲ ਵਿਚ 10 ਦਿਨਾਂ ਦੀ ਇਕਾਂਤਵਾਸ ਦੀ ਰਿਹਾਇਸ਼ ਲਈ ਭੁਗਤਾਨ ਕਰਨਾ ਲਾਜ਼ਮੀ ਹੈ। ਇਨ੍ਹਾਂ ਦੇਸ਼ਾਂ ਤੋਂ ਵਾਪਸ ਆਉਣ ਵਾਲੇ ਲੋਕਾਂ ਨੂੰ ਪ੍ਰਤੀ ਯਾਤਰੀ ਲਈ 1,750 ਪੌਂਡ ਦੀ ਕੀਮਤ ’ਤੇ ਹੋਟਲ ਵਿਚ ਠਹਿਰਨਾ ਹੋਵੇਗਾ। ਯਾਤਰਾ ਸੰਬੰਧੀ ਦੇਸ਼ਾਂ ਨੂੰ ਉਨ੍ਹਾਂ ਦੇ ਕੋਵਿਡ ਕੇਸਾਂ ਦੀ ਗਿਣਤੀ ਅਤੇ ਟੀਕਾਕਰਨ ਦੀ ਸਫਲਤਾ ਦੇ ਆਧਾਰ ’ਤੇ ਸ਼੍ਰੇਣੀਬੱਧ ਕੀਤਾ ਗਿਆ ਹੈ ਅਤੇ ਇਸ ਟ੍ਰੈਫਿਕ ਲਾਈਟ ਪ੍ਰਣਾਲੀ ਦੀ ਹਰ ਤਿੰਨ ਹਫ਼ਤਿਆਂ ਵਿਚ ਸਮੀਖਿਆ ਵੀ ਕੀਤੀ ਜਾਵੇਗੀ।

Share