ਯੂ.ਕੇ. ਦੇ ਵੱਕਾਰੀ ਪੁਰਸਕਾਰ ਲਈ ਪਾਕਿ ਦੀ ਪਹਿਲੀ ਮਹਿਲਾ ਸਿੱਖ ਪੱਤਰਕਾਰ ਨਾਮਜ਼ਦ

896
Share

ਇਸਲਾਮਾਬਾਦ, 17 ਮਈ (ਪੰਜਾਬ ਮੇਲ)- ਪਾਕਿਸਤਾਨ ਦੀ ਪਹਿਲੀ ਸਿੱਖ ਮਹਿਲਾ ਪੱਤਰਕਾਰ ਮਨਮੀਤ ਕੌਰ ਨੂੰ ਯੂ.ਕੇ. ਵਿਚ ਇਕ ਵੱਕਾਰੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ। 25 ਸਾਲਾ ਮਨਮੀਤ ਕੌਰ ਨੂੰ ਬ੍ਰਿਟੇਨ ਆਧਾਰਿਤ ‘ਦੀ ਸਿੱਖ ਗਰੁੱਪ’ ਵੱਲੋਂ ਸ਼ਨੀਵਾਰ ਨੂੰ ਰਿਪੋਰਟ ਕੀਤੀ ਗਈ ਕਿ ਉਨ੍ਹਾਂ ਨੂੰ ਦੁਨੀਆਂ ਭਰ ਵਿਚ 30 ਸਾਲ ਤੋਂ ਘੱਟ ਉਮਰ ਦੀਆਂ 100 ਤੋਂ ਵੱਧ ਪ੍ਰਭਾਵਸ਼ਾਲੀ ਸਿੱਖ ਹਸਤੀਆਂ ਵਿਚੋਂ ਇਕ ਦੇ ਰੂਪ ਵਿਚ ਚੁਣਿਆ ਗਿਆ ਹੈ।
‘ਦੀ ਸਿੱਖ ਗਰੁੱਪ’ ਇਕ ਗਲੋਬਲ ਸੰਗਠਨ ਹੈ, ਜੋ ਦੁਨੀਆਂ ਦੇ ਵਿਭਿੰਨ ਹਿੱਸਿਆਂ ਤੋਂ ਭਾਈਚਾਰੇ ਨਾਲ ਸਬੰਧਤ ਲੋਕਾਂ ਨੂੰ ਸਨਮਾਨਿਤ ਕਰਦੀ ਹੈ, ਜੋ ਵੱਖ-ਵੱਖ ਢੰਗਾਂ ਨਾਲ ਲੋਕਾਂ ਦੀ ਸੇਵਾ ਕਰਦੇ ਹਨ। ਮਨਮੀਤ ਜੋ ਪੇਸ਼ਾਵਰ ਦੀ ਵਸਨੀਕ ਹੈ ਅਤੇ ਇਕ ਸਮਾਜਿਕ ਕਾਰਕੁੰਨ ਵੀ ਹੈ, ਨੂੰ ਸਥਾਨਕ ਪੱਧਰ ‘ਤੇ ਘੱਟ ਗਿਣਤੀਆਂ ਅਤੇ ਔਰਤਾਂ ਵੱਲੋਂ ਸਾਹਮਣਾ ਕੀਤੇ ਜਾਣ ਵਾਲੇ ਮੁੱਦਿਆਂ ‘ਤੇ ਪ੍ਰਕਾਸ਼ ਪਾਉਣ ਲਈ ਵੀ ਪੁਰਸਕਾਰ ਮਿਲਿਆ ਸੀ। ਉਹ ਅਗਲੇ ਸਾਲ ਬ੍ਰਿਟੇਨ ਵਿਚ ਇਕ ਸਮਾਰੋਹ ਵਿਚ ਆਪਣਾ ਪੁਰਸਕਾਰ ਪ੍ਰਾਪਤ ਕਰੇਗੀ।
‘ਦੀ ਐਕਸਪ੍ਰੈੱਸ ਟ੍ਰਿਬਿਊਨ’ ਨਾਲ ਗੱਲ ਕਰਦਿਆਂ ਮਨਮੀਤ ਨੇ ਖੁਸ਼ੀ ਜ਼ਾਹਰ ਕੀਤੀ ਕਿ ਉਸ ਦਾ ਨਾਮ ਦੁਨੀਆਂ ਭਰ ਦੀਆਂ ਪ੍ਰਭਾਵਸ਼ਾਲੀ ਸਿੱਖ ਸ਼ਖਸੀਅਤਾਂ ਦੀ ਸ਼੍ਰੇਣੀ ਵਿਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ, ”ਜਿਹੜੇ ਲੋਕ ਸਖਤ ਮਿਹਨਤ ਕਰਦੇ ਹਨ, ਉਹ ਪੁਰਸਕਾਰ ਹਾਸਲ ਕਰਨਗੇ। ਇਹ ਮੇਰੇ ਪਰਿਵਾਰ ਦੇ ਲਈ ਮਾਣ ਵਾਲੀ ਗੱਲ ਹੈ ਕਿ ਉਹ ਬ੍ਰਿਟੇਨ ਦਾ ਦੌਰਾ ਕਰਨਗੇ ਅਤੇ ਪਾਕਿਸਤਾਨ ਦੀ ਨੁਮਾਇੰਦਗੀ ਕਰਨਗੇ।” ‘ਦੀ ਸਿੱਖ ਗਰੁੱਪ’ ਵੱਲੋਂ ਵਪਾਰ, ਖੇਡ, ਚੈਰਿਟੀ, ਮੀਡੀਆ, ਮਨੋਰੰਜਨ, ਸਿੱਖਿਆ, ਨਿਰਸਵਾਰਥ ਸਵੈਇਛੁੱਕ ਸੇਵਾ, ਜੀਵਨ ਭਰ ਦੀ ਉਪਲਬਧੀ ਅਤੇ ਵਿਸ਼ੇਸ਼ ਮਾਨਤਾ ਪੁਰਸਕਾਰ ਜੋ ਕਿਸੇ ਹੋਰ ਧਰਮ ਦੇ ਕਿਸੇ ਵਿਅਕਤੀ ਨੂੰ ਬਹੁਸੱਭਿਆਚਾਰਵਾਦ ਨੂੰ ਉਤਸ਼ਾਹਤ ਕਰਨ ਲਈ ਦਿੱਤਾ ਜਾਂਦਾ ਹੈ, ਦੇ ਵਿਸ਼ੇਸ਼ ਯੋਗਦਾਨ ਨੂੰ ਮਾਨਤਾ ਦਿੱਤੀ ਜਾਂਦੀ ਹੈ।


Share