ਯੂ.ਕੇ. ਦੀ ਰਾਇਲ ਮੇਲ ਵੱਲੋਂ ਡਰੋਨ ਰਾਹੀਂ ਟਾਪੂਆਂ ’ਤੇ ਭੇਜੇ ਜਾਣਗੇ ਪਾਰਸਲ

77
Share

ਗਲਾਸਗੋ, 11 ਮਈ (ਮਨਦੀਪ ਖੁਰਮੀ ਹਿੰਮਤਪੁਰਾ/ਪੰਜਾਬ ਮੇਲ)- ਯੂ.ਕੇ. ਦੀ ਰਾਇਲ ਮੇਲ ਡਾਕ ਸੇਵਾ ਡਰੋਨ ਦੀ ਵਰਤੋਂ ਕਰਕੇ ਪੀ.ਪੀ.ਈ., ਕੋਵਿਡ-19 ਟੈਸਟ ਕਿੱਟਾਂ ਅਤੇ ਹੋਰ ਪਾਰਸਲ ਯੂ.ਕੇ. ਤੋਂ ਸਿਲੀ ਆਈਲਜ਼ ਵਰਗੇ ਟਾਪੂਆਂ ’ਤੇ ਭੇਜਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ ਕਿਹਾ ਕਿ ਇਹ ਦੇਸ਼ ਦਾ ਪਹਿਲਾ ਪਾਰਸਲ ਕੈਰੀਅਰ ਹੋਵੇਗਾ, ਜੋ ਡਰੋਨ ਦੀ ਵਰਤੋਂ ਕਰਦਿਆਂ ਬਿ੍ਰਟੇਨ ਦੇ ਇੱਕ ਟਾਪੂ ਨੂੰ ਮੇਲ ਪਹੁੰਚਾਏਗਾ। ਇਸ ਪ੍ਰਕਿਰਿਆ ਵਿਚ ਇੱਕ ਛੋਟਾ ਡਰੋਨ, ਪਾਰਸਲਾਂ ਨੂੰ ਸੰਬੰਧਿਤ ਪਤੇ ਤੱਕ ਪਹੁਚਾਉਣ ਦਾ ਕੰਮ ਕਰੇਗਾ। ਇਸ ਯੋਜਨਾ ਵਿਚ ਯੂ.ਕੇ. ਤੋਂ ਟਾਪੂਆਂ ਤੱਕ ਡਰੋਨ ਦੀ ਉਡਾਨ ਲਈ ਸਰਕਾਰ ਦੁਆਰਾ ਫੰਡ ਦਿੱਤਾ ਜਾ ਰਿਹਾ ਹੈ। ਇਸ ਵਿੱਚ ਸਾਊਥਹੈਂਮਪਟਨ ਯੂਨੀਵਰਸਿਟੀ ਅਤੇ ਕਈ ਡਰੋਨ ਕੰਪਨੀਆਂ ਸ਼ਾਮਿਲ ਹਨ। ਵਿੰਜਰਸ ਲਿਮਟਿਡ ਦੁਆਰਾ ਯੂ.ਕੇ. ਵਿਚ ਨਿਰਮਿਤ ਇੱਕ ਵੱਡਾ, ਜੁੜਵੇ ਇੰਜਨ ਵਾਲਾ ਹਵਾਈ ਵਾਹਨ (ਯੂ.ਏ.ਵੀ.), ਸੇਂਟ ਮੈਰੀਜ ਵਿਚ ਟਾਪੂਆਂ ਦੇ ਹਵਾਈ ਅੱਡੇ ਤੱਕ ਪੈਕੇਜ ਲੈ ਕੇ ਜਾਵੇਗਾ। ਯੂ.ਏ.ਵੀ. ਨੂੰ ਦੂਰ-ਦੁਰਾਡੇ ਟਿਕਾਣਿਆਂ ’ਤੇ ਲੋਕਾਂ ਨੂੰ ਸਪਲਾਈ ਪਹੁੰਚਾਉਣ ਲਈ ਡਿਜ਼ਾਇਨ ਕੀਤਾ ਗਿਆ ਹੈ ਅਤੇ ਇਹ ਧੁੰਦ ਸਮੇਤ ਮਾੜੇ ਮੌਸਮ ਦੀ ਸਥਿਤੀ ਵਿਚ ਵੀ ਉਡਾਨ ਭਰਨ ਦੇ ਸਮਰੱਥ ਹੈ। ਇਹ ਸਾਰੇ ਆਕਾਰ ਅਤੇ 100 ਕਿਲੋਗ੍ਰਾਮ ਤੱਕ ਪਾਰਸਲ ਮੇਲ ਲਿਜਾ ਸਕਦਾ ਹੈ। ਸ਼ੁਰੂ ਵਿਚ ਇਹ ਪੀ.ਪੀ.ਈ. ਅਤੇ ਕੋਵਿਡ ਟੈਸਟ ਕਿੱਟਾਂ ਭੇਜਣ ’ਤੇ ਕੇਂਦਿ੍ਰਤ ਹੋਵੇਗਾ, ਪਰ ਡਰੋਨ ਹੋਰ ਪਾਰਸਲ ਵੀ ਲੈ ਕੇ ਆਉਣਗੇ, ਜਿਸ ਵਿੱਚ ਰਿਟੇਲਰਾਂ ਦੇ ਆਨਲਾਈਨ ਆਰਡਰ ਵੀ ਸ਼ਾਮਿਲ ਹਨ। ਰਾਇਲ ਮੇਲ ਨੇ ਪਿਛਲੀ ਦਸੰਬਰ ਵਿਚ ਇੱਕ ਡਰੋਨ ਦੀ ਵਰਤੋਂ ਕਰਦਿਆਂ ਆਪਣਾ ਪਹਿਲਾ ਪਾਰਸਲ ਸਕਾਟਲੈਂਡ ਦੇ ਆਈਲ ਆਫ ਮੁੱਲ ਦੇ ਇੱਕ ਲਾਈਟਹਾਊਸ ਵਿਚ ਭੇਜਿਆ ਸੀ।

Share