ਯੂ.ਕੇ. ‘ਚ 6 ਮਹੀਨੇ ਜਾਂ ਇਸ ਤੋਂ ਵੀ ਲੰਬਾ ਸਮਾਂ ਤੱਕ ਰਹਿ ਸਕਦਾ ਹੈ ਲਾਕਡਾਊਨ

749

ਲੰਡਨ, 31 ਮਾਰਚ (ਪੰਜਾਬ ਮੇਲ)- ਪ੍ਰਦੇਸਾਂ ਵਿਚ ਰੋਜ਼ੀ-ਰੋਟੀ ਕਮਾਉਣ ਲਈ ਗਏ ਐੱਨ.ਆਰ.ਆਈ. ਲਈ ਇਹ ਦਿਨ ਅਤੇ ਇਸ ਤੋਂ ਅੱਗੋਂ ਵੀ ਹੋਰ ਕਈ ਮਹੀਨੇ ਮੁਸ਼ਕਲਾਂ ਭਰੇ ਹੋ ਸਕਦੇ ਹਨ। ਕੋਰੋਨਾਵਾਇਰਸ ਕਾਰਨ ਵਿਸ਼ਵ ਭਰ ਵਿਚ ਹੁਣ ਤਕ ਤਕਰੀਬਨ 34,000 ਮੌਤਾਂ ਹੋ ਚੁੱਕੀਆਂ ਹਨ ਤੇ 7 ਲੱਖ ਤੋਂ ਵੱਧ ਲੋਕ ਇਨਫੈਕਟਡ ਹਨ। ਇਸ ਮਹਾਮਾਰੀ ਕਾਰਨ ਵਿਸ਼ਵ ਭਰ ਵਿਚ ਹਫੜਾ-ਦਫੜੀ ਮਚੀ ਹੋਈ ਹੈ, ਜੋ ਹੁਣ ਤੋਂ ਪਹਿਲਾਂ ਕਦੇ ਨਹੀਂ ਸੀ।
ਇਸ ਵਿਚਕਾਰ ਯੂ.ਕੇ. ਦੀ ਡਿਪਟੀ ਚੀਫ ਮੈਡੀਕਲ ਅਧਿਕਾਰੀ ਡਾ. ਜੈਨੀ ਹੈਰਿਸ ਨੇ ਕਿਹਾ ਹੈ ਕਿ ਲਾਕਡਾਊਨ 6 ਮਹੀਨੇ ਜਾਂ ਇਸ ਤੋਂ ਵੀ ਲੰਮਾ ਚੱਲ ਸਕਦਾ ਹੈ। ਯੂ.ਕੇ. ਵਿਚ ਕੋਰੋਨਾ ਵਾਇਰਸ ਨਾਲ ਪਿਛਲੇ 24 ਘੰਟਿਆਂ ਵਿਚ 209 ਲੋਕਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1,228 ਹੋ ਗਈ ਹੈ, ਜਿਸ ਮਗਰੋਂ ਡਾ. ਹੈਰਿਸ ਨੇ ਇਹ ਚਿਤਾਵਨੀ ਜਾਰੀ ਕੀਤੀ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਡਾਕਟਰ ਅਤੇ ਮੰਤਰੀ ਹਰ ਤਿੰਨ ਹਫ਼ਤਿਆਂ ‘ਚ ਸਥਿਤੀ ਦਾ ਜਾਇਜ਼ਾ ਲੈਣਗੇ ਪਰ ਸਾਨੂੰ ਲੰਬੇ ਸਮੇਂ ਲਈ ਸਖਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡਾਊਨਿੰਗ ਸਟ੍ਰੀਟ ਦੀ ਇਕ ਪ੍ਰੈੱਸ ਕਾਨਫਰੰਸ ‘ਚ ਬੋਲਦਿਆਂ ਉਨ੍ਹਾਂ ਨੇ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਹੁਣ ਰੁੱਕ ਗਏ, ਤਾਂ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਬਰਬਾਦ ਹੋ ਜਾਣਗੀਆਂ ਅਤੇ ਸਾਨੂੰ ਸੰਭਾਵਤ ਤੌਰ ‘ਤੇ ਵੱਡਾ ਨੁਕਸਾਨ ਦੇਖਣਾ ਪੈ ਸਕਦਾ ਹੈ। ਇਸ ਲਈ ਲੋਕਾਂ ਨੂੰ ਘਰਾਂ ਵਿਚ ਹੀ ਰਹਿਣਾ ਚਾਹੀਦਾ ਹੈ।
ਡਾ. ਹੈਰਿਸ ਨੇ ਕਿਹਾ ਕਿ ਹਾਲਾਤ ਵਿਚ ਹੌਲੀ-ਹੌਲੀ ਸੁਧਾਰ ਹੋਵੇਗਾ ਪਰ ਘੱਟੋ-ਘੱਟ 6 ਮਹੀਨੇ ਜਾਂ ਇਸ ਤੋਂ ਵੀ ਲੰਬੇ ਸਮੇਂ ਤਕ ਤੁਹਾਨੂੰ ਘਰਾਂ ਵਿਚ ਹੀ ਰਹਿਣਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਬ੍ਰਿਟੇਨ ਵਿਚ ਕੋਵਿਡ-19 ਦੇ ਮਾਮਲੇ 19,522 ‘ਤੇ ਪਹੁੰਚ ਗਏ ਹਨ। ਜਿਸ ਤਰ੍ਹਾਂ ਲੋਕ ਸਰਕਾਰ ਵਲੋਂ ਕਹਿਣ ਦੇ ਬਾਵਜੂਦ ਘਰੋਂ ਬਾਹਰ ਤੇ ਪਾਰਟੀ ਕਰ ਰਹੇ ਹਨ, ਇਸ ਨਾਲ ਗਿਣਤੀ ਵਧਣ ਦਾ ਖਦਸ਼ਾ ਹੈ। ਯੂ.ਕੇ. ਦੀ ਡਿਪਟੀ ਚੀਫ ਮੈਡੀਕਲ ਅਧਿਕਾਰੀ ਡਾ. ਹੈਰਿਸ ਨੇ ਕਿਹਾ ਕਿ ਲਾਕਡਾਊਨ ਨੂੰ ਜਲਦ ਹਟਾਉਣਾ ਮੂਰਖਤਾ ਹੋਵੇਗਾ ਕਿਉਂਕਿ ਇਸ ਨਾਲ ਵਿਨਾਸ਼ਕਾਰੀ ਵਾਧਾ ਹੋ ਸਕਦਾ ਹੈ।