ਯੂ.ਕੇ. ‘ਚ ਹਰ ਰੋਜ਼ 10,000 ਲੋਕਾਂ ਨੂੰ ਦਿੱਤੀ ਜਾਵੇਗੀ ਕੋਰੋਨਾ ਵੈਕਸੀਨ

332
Share

ਯੂ.ਕੇ., 9 ਅਕਤੂਬਰ (ਪੰਜਾਬ ਮੇਲ)- ਯੂ.ਕੇ. ‘ਚ ਲੋਕਾਂ ਨੂੰ ਅਗਲੇ ਮਹੀਨੇ ਤੋਂ ਕੋਰੋਨਾ ਵਾਇਰਸ ਵੈਕਸੀਨ ਦੇਣ ਵਾਸਤੇ ਤਿਆਰੀਆਂ ਜੰਗੀ ਪੱਧਰ ‘ਤੇ ਸ਼ੁਰੂ ਹੋ ਗਈਆਂ ਹਨ | ਦੇਸ਼ ‘ਚ ਹਰ ਰੋਜ਼ 10,000 ਲੋਕਾਂ ਨੂੰ ਇਹ ਵੈਕਸੀਨ ਦੇਣ ਦੀ ਯੋਜਨਾ ਹੈ | ਜਿਸ ਲਈ ਫ਼ੌਜ ਵੀ ਤਾਇਨਾਤ ਕੀਤੀ ਜਾਵੇਗੀ | ਯੂ.ਕੇ. ਦੀ ਰਾਸ਼ਟਰੀ ਸਿਹਤ ਪ੍ਰਣਾਲੀ ਕਿ੍ਸਮਸ ਤੱਕ ਦੇਸ਼ ‘ਚ 5 ਸਥਾਨਾਂ ‘ਤੇ ਵੈਕਸੀਨ ਲਗਾਉਣ ਦੀ ਸੁਵਿਧਾ ਦੇਣ ਜਾ ਰਹੀ ਹੈ | ਜਿੱਥੇ ਐਨ.ਐਚ.ਐਸ. ਦੇ ਹਜ਼ਾਰਾਂ ਕਰਮਚਾਰੀ ਤਾਇਨਾਤ ਕੀਤੇ ਜਾਣਗੇ | ਯੂ.ਕੇ. ਦਾ ਸਿਹਤ ਵਿਭਾਗ ਕੋਰੋਨਾ ਵਾਇਰਸ ਦਾ ਟੀਕਾ ਲਗਾਉਣ ਲਈ ਵੱਡੀ ਪੱਧਰ ਤੇ ਤਿਆਰੀਆਂ ਕਰ ਰਿਹਾ ਹੈ, ਸਭ ਤੋਂ ਜ਼ਿਆਦਾ ਖ਼ਤਰੇ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਪਹਿਲਾਂ ਟੀਕਾਕਰਨ ਲਈ ਬੁਲਾਇਆ ਜਾਵੇਗਾ | ਟੀਕਾਕਰਨ ਕਰਨ ਲਈ ਲੀਡਜ਼, ਹੱਲ ਤੇ ਲੰਡਨ ‘ਚ ਕੇਂਦਰ ਸਥਾਪਤ ਕੀਤੇ ਜਾਣਗੇ | ਮੋਬਾਈਲ ਯੂਨਿਟ ਵੀ ਵਿਕਸਿਤ ਕੀਤੇ ਜਾਣਗੇ ਜੋ ਲੋੜਵੰਦਾਂ ਤੇ ਬਿਰਧ ਆਸ਼ਰਮਾਂ ਤੱਕ ਜਾਣਗੇ |
ਇਕ ਮਹੀਨੇ ‘ਚ ਪਹਿਲੀ ਪਰਖ ਦੇ ਨਤੀਜੇ ਪ੍ਰਾਪਤ ਹੋ ਜਾਣਗੇ | ਵੈਕਸੀਨ ਦੇਣ ਦੀ ਸ਼ੁਰੂਆਤ ਕਿ੍ਸਮਸ ਤੋਂ ਪਹਿਲਾਂ ਸ਼ੁਰੂ ਹੋ ਜਾਵੇਗੀ | ਬਿ੍ਟਿਸ਼ ਸਿਹਤ ਮੰਤਰੀ ਨੇ ਕਿਹਾ ਕਿ ਵੈਕਸੀਨ ਉਮੀਦ ਦੀ ਇਕ ਵੱਡੀ ਕਿਰਨ ਹੈ | ਯੂ.ਕੇ. ‘ਚ ਵੈਕਸੀਨ ਦੀ ਦੌੜ ‘ਚ ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਸਭ ਤੋਂ ਅੱਗੇ ਹੈ | ਉਮੀਦ ਕੀਤੀ ਜਾਂਦੀ ਹੈ ਕਿ ਕੰਟਰੋਲਰ ਸੰਸਥਾ ਕਿ੍ਸਮਿਸ ਤੋਂ ਪਹਿਲਾਂ ਵੈਕਸੀਨ ਨੂੰ ਆਪਣੀ ਮਨਜ਼ੂਰੀ ਦੇ ਦੇਵੇਗੀ | ਬਿ੍ਟਿਸ਼ ਸਰਕਾਰ ਨੇ 10 ਕਰੋੜ ਖੁਰਾਕਾਂ ਦਾ ਆਰਡਰ ਪਹਿਲਾ ਹੀ ਦੇ ਦਿੱਤਾ ਹੈ | ਟੀਕਾ ਹਰ ਵਿਅਕਤੀ ਨੂੰ ਦੋ ਵਾਰ ਲਗਾਉਣਾ ਹੋਵੇਗਾ |

Share