ਯੂ.ਕੇ. ‘ਚ ਮਾਈਕ੍ਰੋਬਾਇਓਲਾਜਿਸਟ ਮਹਿਲਾ ਦੀ ਕੋਰੋਨਾ ਟੀਕੇ ਨਾਲ ਮੌਤ ਦੀ ਖ਼ਬਰ ਨਿਕਲੀ ਝੂਠ

888
Share

ਖੁਦ ਮਹਿਲਾ ਨੇ ਪੋਸਟ ਪਾ ਕੇ ਖ਼ਬਰ ਦਾ ਕੀਤਾ ਖੰਡਨ
ਲੰਡਨ, 26 ਅਪ੍ਰੈਲ (ਪੰਜਾਬ ਮੇਲ)- ਬ੍ਰਿਟੇਨ ਵਿਚ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਵਲੋਂ ਤਿਆਰ ਕੋਰੋਨਾ ਟੀਕੇ ਦਾ ਜਿਸ ਮਾਈਕਰੋਬਾਇਓਲਾਜਿਸਟ ‘ਤੇ ਟਰਾਇਲ ਕੀਤਾ ਗਿਆ, ਉਸ ਦੀ ਮੌਤ ਹੋਣ ਦੀ ਝੂਠੀ ਖਬਰ ਵਾਇਰਲ ਹੋਣ ਨਾਲ ਹੜਕੰਪ ਮਚ ਗਿਆ। ਅਸਲ ਵਿਚ ਐਲਿਸਾ ਦੀ ਮੌਤ ਦੀ ਖਬਰ ਝੂਠੀ ਨਿਕਲੀ ਅਤੇ ਖੁਦ ਐਲਿਸਾ ਨੇ ਇਕ ਪੋਸਟ ਪਾ ਕੇ ਇਸ ਦਾ ਖੰਡਨ ਕੀਤਾ ਹੈ। ਆਪਣੀ ਮੌਤ ਦੀ ਖਬਰ ਦਾ ਖੰਡਨ ਕਰਦਿਆਂ ਉਸ ਨੇ ਦੱਸਿਆ ਕਿ ਉਸ ਦੀ ਮੌਤ ਬਾਰੇ ਖਬਰ ਜੋ ਫੈਲੀ, ਉਹ ਝੂਠ ਹੈ ਅਤੇ ਉਹ ਜਿਊਂਦੀ ਹੈ ਤੇ ਟੀਕੇ ਦੇ ਬਾਅਦ ਠੀਕ ਮਹਿਸੂਸ ਕਰ ਰਹੀ ਹੈ। ਦੱਸ ਦਈਏ ਕਿ ਇਸ ਟੀਕੇ ਦਾ ਸ਼ੁੱਕਰਵਾਰ ਨੂੰ ਇਨਸਾਨਾਂ ‘ਤੇ ਪ੍ਰੀਖਣ ਸ਼ੁਰੂ ਕੀਤਾ ਗਿਆ ਅਤੇ ਐਲਿਸਾ ਨੂੰ ਇਸ ਦਾ ਪਹਿਲਾ ਟੀਕਾ ਲਗਾਇਆ ਗਿਆ। ਟੀਕੇ ਦੇ ਹਿਊਮਨ ਟਰਾਇਲ ਲਈ 800 ਲੋਕਾਂ ਵਿਚੋਂ ਐਲਿਸਾ ਨੂੰ ਚੁਣਿਆ ਗਿਆ ਹੈ।
ਐਲਿਸਾ ਨੂੰ ਲਗਾਏ ਗਏ ਟੀਕੇ ‘ਤੇ ਵਿਸ਼ਵ ਦੀਆਂ ਨਿਗਾਹਾਂ ਟਿਕੀਆਂ ਹਨ ਪਰ ਐਲਿਸਾ ਦੀ ਮੌਤ ਦੀ ਝੂਠੀ ਖਬਰ ਨੇ ਇਸ ਪ੍ਰੀਖਣ ‘ਤੇ ਸਵਾਲ ਚੁੱਕੇ ਸਨ ਪਰ ਐਲਿਸਾ ਨੇ ਆਪਣੇ ਜਿਊਂਦੇ ਹੋਣ ਦੀ ਖਬਰ ਦੇ ਕੇ ਦੁਨੀਆ ਲਈ ਇਕ ਉਮੀਦ ਦੀ ਕਿਰਣ ਜਗਾ ਦਿੱਤੀ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਇਹ ਟੀਕਾ ਸਰੀਰ ਵਿਚ ਇਮਿਊਨਿਟੀ ਸਮਰੱਥਾ ਨੂੰ ਮਜ਼ਬੂਤ ਕਰੇਗਾ, ਜਿਸ ਕਾਰਨ ਕੋਰੋਨਾ ਨਾਲ ਲੜਨ ਵਿਚ ਮਦਦ ਮਿਲੇਗੀ।
ਟੀਕਾ ਲਗਾਉਣ ਮਗਰੋਂ ਐਲਿਸਾ ਨੇ ਕਿਹਾ ਸੀ ਕਿ ਉਹ ਇਕ ਵਿਗਿਆਨੀ ਹੈ, ਇਸ ਲਈ ਰਿਸਰਚ ਵਿਚ ਸਪੋਰਟ ਕਰਨਾ ਚਾਹੁੰਦੀ ਹੈ। ਇਸ ਕੰਮ ਵਿਚ ਸਹਿਯੋਗ ਕਰਨ ਦਾ ਇਹ ਸਭ ਤੋਂ ਸੌਖਾ ਤਰੀਕਾ ਹੈ, ਇਸ ਲਈ ਉਸ ਨੇ ਟੀਕਾ ਲਗਵਾਇਆ। ਜ਼ਿਕਰਯੋਗ ਹੈ ਕਿ ਜਿਸ ਦਿਨ ਉਸ ਨੇ ਟੀਕਾ ਲਗਵਾਇਆ ਉਸ ਦਿਨ ਉਸ ਦਾ 32ਵਾਂ ਜਨਮ ਦਿਨ ਸੀ। ਟੀਕੇ ਦੀ ਸਫਲਤਾ ਦੇ ਬਾਅਦ ਹੀ ਇਸ ਨੂੰ ਆਮ ਲੋਕਾਂ ਨੂੰ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ।


Share