ਯੂ.ਕੇ. ’ਚ ਪ੍ਰਧਾਨ ਮੰਤਰੀ ਅਹੁਦੇ ਲਈ ਕਰਾਏ ਸਰਵੇਖਣ ’ਚ ਰਿਸ਼ੀ ਸੂਨਕ ਅੱਗੇ

149
ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨੂੰ ਮਿਲਦੇ ਹੋਏ ਰਿਸ਼ੀ ਸੂਨਕ।
Share

ਕੰਜ਼ਰਵੇਟਿਵ ਪਾਰਟੀ ਦੇ ਕਰੀਬ 50 ਫੀਸਦੀ ਵੋਟਰ ਤੇ ਸਮਰਥਕ ਸੂਨਕ ਦੇ ਹੱਕ ’ਚ
ਲੰਡਨ, 18 ਜੁਲਾਈ (ਪੰਜਾਬ ਮੇਲ)- ਬਰਤਾਨੀਆ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਸਮਰਥਕ ਵੋਟਰਾਂ ਵਿਚੋਂ ਲਗਭਗ ਅੱਧਿਆਂ ਦਾ ਮੰਨਣਾ ਹੈ ਕਿ ਰਿਸ਼ੀ ਸੂਨਕ ਇਕ ਚੰਗੇ ਪ੍ਰਧਾਨ ਮੰਤਰੀ ਹੋਣਗੇ। ਇਕ ਨਵੇਂ ਚੋਣ ਸਰਵੇਖਣ ਵਿਚ ਇਹ ਦਾਅਵਾ ਕੀਤਾ ਗਿਆ ਹੈ। ‘ਦਿ ਸੰਡੇ ਟੈਲੀਗ੍ਰਾਫ’ ਦੀ ਇਕ ਖ਼ਬਰ ਮੁਤਾਬਕ ਜੇ.ਐੱਲ. ਪਾਰਟਨਰਜ਼ ਵੱਲੋਂ ਕੀਤੇ ਗਏ ਇਕ ਚੋਣ ਸਰਵੇਖਣ ’ਚ 4400 ਤੋਂ ਵੱਧ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਇਸ ਵਿਚ ਇਹ ਉੱਭਰ ਕੇ ਸਾਹਮਣੇ ਆਇਆ ਕਿ 2019 ਦੀਆਂ ਆਮ ਚੋਣਾਂ ’ਚ ਕੰਜ਼ਰਵੇਟਿਵ ਪਾਰਟੀ ਦਾ ਸਮਰਥਨ ਕਰਨ ਵਾਲਿਆਂ ਵਿਚੋਂ 48 ਪ੍ਰਤੀਸ਼ਤ ਦਾ ਮੰਨਣਾ ਹੈ ਕਿ ਭਾਰਤੀ ਮੂਲ ਦੇ ਬਰਤਾਨਵੀ ਨਾਗਰਿਕ ਸੂਨਕ ਇਕ ਚੰਗੇ ਪ੍ਰਧਾਨ ਮੰਤਰੀ ਸਾਬਿਤ ਹੋਣਗੇ। ਇਹ ਪਹਿਲਾ ਸਰਵੇਖਣ ਹੈ ਜਿਸ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿਚ ਸ਼ਾਮਲ ਵਿਦੇਸ਼ ਮੰਤਰੀ ਲਿਜ਼ ਟਰੱਸ ਨੂੰ ਦੂਜੇ ਸਥਾਨ ’ਤੇ ਰੱਖਿਆ ਗਿਆ ਹੈ। ਸਰਵੇਖਣ ’ਚ ਸ਼ਾਮਲ ਵਿਅਕਤੀਆਂ ਵਿਚੋਂ 39 ਪ੍ਰਤੀਸ਼ਤ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਟਰੱਸ ਦਾ ਤੇ 33 ਪ੍ਰਤੀਸ਼ਤ ਨੇ ਵਪਾਰ ਮੰਤਰੀ ਪੈਨੀ ਮੌਰਡੌਂਟ ਦਾ ਸਮਰਥਨ ਕੀਤਾ ਹੈ। ਕੰਜ਼ਰਵੇਟਿਵ ਪਾਰਟੀ ਦੇ ਅਗਲੇ ਚੋਟੀ ਦੇ ਆਗੂ ਲਈ ਮੁਕਾਬਲਾ ਹੁਣ ਇਨ੍ਹਾਂ ਤਿੰਨਾਂ ਉਮੀਦਵਾਰਾਂ ਉਤੇ ਕੇਂਦਰਿਤ ਹੋ ਗਿਆ ਹੈ। ਇਹ ਸਰਵੇਖਣ ਪਿਛਲੇ ਹਫ਼ਤੇ ਕਰਾਇਆ ਗਿਆ ਸੀ।

Share