ਯੂ.ਕੇ. ’ਚ ਗਿ੍ਰਫ਼ਤਾਰ ਤਿੰਨ ਸਿੱਖਾਂ ਨੂੰ ਭਾਰਤ ਹਵਾਲੇ ਕਰਨ ਲਈ ਅਦਾਲਤੀ ਸੁਣਵਾਈ ਸਤੰਬਰ ’ਚ

475
Share

ਲੰਡਨ, 26 ਜਨਵਰੀ (ਪੰਜਾਬ ਮੇਲ)-ਯੂ. ਕੇ. ’ਚ ਗਿ੍ਰਫ਼ਤਾਰ ਕੀਤੇ ਤਿੰਨ ਸਿੱਖਾਂ ਦੀ ਭਾਰਤ ਹਵਾਲਗੀ ਲਈ ਤਾਰੀਖ਼ ਤੈਅ ਕਰ ਦਿੱਤੀ ਗਈ ਹੈ। 20 ਸਤੰਬਰ 2021 ਨੂੰ ਗੁਰਸ਼ਨਬੀਰ ਸਿੰਘ ਵਾਹੀਵਾਲ (37), ਅੰਮਿ੍ਰਤਬੀਰ ਸਿੰਘ ਵਾਹੀਵਾਲ (40) ਅਤੇ ਪਿਆਰਾ ਸਿੰਘ ਗਿੱਲ (38) ਨੂੰ ਭਾਰਤ ਹਵਾਲੇ ਕਰਨ ਲਈ ਅਦਾਲਤੀ ਸੁਣਵਾਈ ਹੋਵੇਗੀ। ਯੂ.ਕੇ. ਦੇ ਜੰਮਪਲ ਤਿੰਨੇ ਸਿੱਖਾਂ ਨੂੰ ਭਾਰਤ ਹਵਾਲੇ ਕਰਨ ਲਈ ਯੂ.ਕੇ. ਦੇ ਗ੍ਰਹਿ ਵਿਭਾਗ ਵਲੋਂ 21 ਦਸੰਬਰ ਨੂੰ ਹਰੀ ਝੰਡੀ ਦੇ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਪੁਲਿਸ ਵਲੋਂ ਛਾਪੇਮਾਰੀ ਕਰਕੇ ਗਿ੍ਰਫ਼ਤਾਰੀ ਕੀਤੀ ਗਈ। ਇਨ੍ਹਾਂ ਸਿੱਖਾਂ ਨੂੰ ਰਾਸ਼ਟਰੀ ਸਿੱਖ ਸੇਵਕ ਸੰਘ ਦੇ ਪੰਜਾਬ ਦੇ ਕਾਰਕੁੰਨ ਰੁਲਦਾ ਸਿੰਘ ਦੇ 2009 ’ਚ ਹੋਏ ਕਤਲ ਸਬੰਧੀ 2010 ’ਚ ਵੀ ਗਿ੍ਰਫ਼ਤਾਰ ਕੀਤਾ ਗਿਆ ਸੀ। ਪਰ ਜਾਂਚ ਉਪਰੰਤ ਰਿਹਾਅ ਕਰ ਦਿੱਤਾ ਗਿਆ। ਤਿੰਨਾਂ ਸਿੱਖਾਂ ਦੇ ਬਚਾਅ ਲਈ ਮਨੁੱਖੀ ਅਧਿਕਾਰਾਂ ਦੇ ਵਕੀਲ ਗਰੀਥ ਪੇਰਸ ਨੁਮਾਇੰਦਗੀ ਕਰਨਗੇ, ਜੋ ਇਸ ਸਮੇਂ ਯੂ.ਕੇ. ਤੋਂ ਅਮਰੀਕਾ ਨੂੰ ਚਾਹੀਦੇ ਜੂਲੀਅਨ ਅਸਾਂਜੇ ਦੇ ਕੇਸ ਦੀ ਪੈਰਵਾਈ ਕਰ ਰਹੇ ਹਨ, ਇਸ ਦੇ ਨਾਲ ਹੀ ਜਗਤਾਰ ਸਿੰਘ ਜੱਗੀ ਜੌਹਲ ਦੀ ਮਦਦ ਕਰਨ ਵਾਲੀ ਸਿੱਖ ਲੀਗਲ ਅਸੈਸਟੈਂਟ ਟੀਮ ਵਲੋਂ ਵੀ ਮਦਦ ਕੀਤੀ ਜਾ ਰਹੀ ਹੈ।

Share