ਯੂ. ਕੇ. ਅਤੇ ਯੂਰਪ ਲਈ ਏਅਰ ਇੰਡੀਆ ਦੇ ਜਹਾਜ਼ ਨਹੀਂ ਭਰਨਗੇ ਉਡਾਣਾਂ

762
Share

ਨਵੀਂ ਦਿੱਲੀ, 20 ਮਾਰਚ (ਪੰਜਾਬ ਮੇਲ)- ਯੂਰਪ ਤੇ ਯੂ. ਕੇ. ਲਈ ਟਿਕਟ ਬੁੱਕ ਕਰਾਈ ਹੈ ਤਾਂ ਤੁਹਾਡੇ ਲਈ ਬੁਰੀ ਖਬਰ ਹੈ। ਰਾਸ਼ਟਰੀ ਜਹਾਜ਼ ਕੰਪਨੀ ਏਅਰ ਇੰਡੀਆ ਨੇ ਇਨ੍ਹਾਂ ਲਈ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਯੂ. ਕੇ. ਅਤੇ ਯੂਰਪ ਲਈ ਏਅਰ ਇੰਡੀਆ ਦੇ ਜਹਾਜ਼ ਉਡਾਣਾਂ ਨਹੀਂ ਭਰਨਗੇ। ਉੱਥੇ ਹੀ, ਦੁਬਈ ਦੀ ‘ਫਲਾਈ ਦੁਬਈ’ ਨੇ ਵੀ ਮੰਗਲਵਾਰ ਤੋਂ 31 ਮਾਰਚ ਤੱਕ ਭਾਰਤ ਲਈ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਹੁਣ ਤਕ ਇਹ ਭਾਰਤ ਦੇ ਮੁੰਬਈ ਸਮੇਤ 8 ਸ਼ਹਿਰਾਂ ਤੋਂ ਹਫਤੇ ‘ਚ 30 ਫਲਾਈਟਾਂ ਚਲਾ ਰਹੀ ਸੀ।

ਭਾਰਤ ਅਤੇ ਯੂ. ਕੇ., ਯੂਰਪ, ਖਾੜੀ ਦੇਸ਼ਾਂ ਵਿਚਕਾਰ ਹੋਰ ਡਾਇਰੈਕਟ ਏਅਰਲਾਈਨਾਂ ਵੀ ਇਸੇ ਤਰ੍ਹਾਂ ਉਡਾਣਾਂ ਘਟਾਉਣ ਦੀ ਘੋਸ਼ਣਾ ਕਰ ਸਕਦੀਆਂ ਹਨ ਕਿਉਂਕਿ ਭਾਰਤ ਵੀ ਦੁਨੀਆ ਦੇ ਬਾਕੀ ਦੇਸ਼ਾਂ ਦੀ ਤਰ੍ਹਾਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਰ ਸੰਭਵ ਕਦਮ ਚੁੱਕ ਰਿਹਾ ਹੈ। ਭਾਰਤ ਨੇ ਅਫਗਾਨਿਸਤਾਨ, ਫਿਲਪੀਨਜ਼, ਮਲੇਸ਼ੀਆ ਤੋਂ ਆਉਣ ਵਾਲੇ ਯਾਤਰੀਆਂ ਦੀ ਭਾਰਤ ਯਾਤਰਾ ‘ਤੇ ਤੁਰੰਤ ਪ੍ਰਭਾਵ ਨਾਲ ਰੋਕ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਯੂਰਪੀ ਸੰਘ, ਤੁਰਕੀ ਅਤੇ ਯੂ. ਕੇ. ਤੋਂ ਆਉਣ ਵਾਲੇ ਯਾਤਰੀਆਂ ਦੇ ਦਾਖਲੇ ‘ਤੇ 18 ਤੋਂ 31 ਮਾਰਚ ਤਕ ਪਾਬੰਦੀ ਲਾਈ ਗਈ ਸੀ। ਇਸ ਪਾਬੰਦੀ ‘ਚ ਭਾਰਤੀ ਨਾਗਰਿਕ ਤੇ ਟੂਰਿਸਟਸ ਵੀ ਸ਼ਾਮਲ ਹਨ।

ਇਸ ਵਕਤ ਸਿਰਫ ਅਲੀਟਾਲੀਆ, ਏਅਰ ਫਰਾਂਸ, ਬ੍ਰਿਟਿਸ਼ ਏਅਰਵੇਜ਼, ਲੁਫਥਾਂਸਾ, ਸਵਿਸ, ਤੁਰਕੀ ਏਅਰਲਾਇੰਸ ਅਤੇ ਵਰਜਿਨ ਐਟਲਾਂਟਿਕ ਆਪਣੀਆਂ ਉਡਾਣਾਂ ਭਾਰਤ ਲਈ ਚਲਾ ਰਹੇ ਹਨ, ਜਦੋਂ ਕਿ ਫਿਨ ਨੇਅਰ ਅਤੇ ਲੋਟ ਪੋਲਿਸ਼ ਏਅਰਲਾਇੰਸ ਨੇ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਯਾਤਰਾ ‘ਤੇ ਪਾਬੰਦੀ ਨਾਲ ਹੋਰ ਵੀ ਉਡਾਣਾਂ ਰੱਦ ਹੋਣ ਦਾ ਖਦਸ਼ਾ ਹੈ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਨੇ ਮੰਗਲਵਾਰ ਏਅਰਲਾਈਨਾਂ ਨੂੰ ਇਕ ਸਰਕੂਲਰ ਜਾਰੀ ਕਰਦਿਆਂ ਕਿਹਾ ਕਿ ਅਫਗਾਨਿਸਤਾਨ, ਫਿਲਪੀਨਜ਼ ਤੇ ਮਲੇਸ਼ੀਆ ਤੋਂ ਯਾਤਰੀਆਂ ਦੀ ਯਾਤਰਾ ਤੁਰੰਤ ਪ੍ਰਭਾਵ ਨਾਲ ਰੋਕ ਦਿੱਤੀ ਜਾਂਦੀ ਹੈ। ਇਨ੍ਹਾਂ ਦੇਸ਼ਾਂ ਤੋਂ ਭਾਰਤ ਲਈ ਕੋਈ ਵੀ ਉਡਾਣ ਨਾ ਭਰੀ ਜਾਵੇ।


Share