ਯੂ.ਐੱਸ. ਸਰਕਾਰ ਦੀ ਹਿਰਾਸਤ ‘ਚ ਹਜ਼ਾਰ ਤੋਂ ਵੱਧ ਪ੍ਰਵਾਸੀ ਬੱਚੇ ਹੋਏ ਕੋਰੋਨਾ ਪਾਜ਼ੀਟਿਵ

487
Share

ਫਰਿਜ਼ਨੋ, 8 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕੀ ਫੈਡਰਲ ਏਜੰਸੀ ਦੇ ਅਨੁਸਾਰ ਸਰਕਾਰ ਦੀ ਹਿਰਾਸਤ ‘ਚ 1000 ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀ ਬੱਚਿਆਂ ਨੇ ਮਾਰਚ ਤੋਂ ਲੈ ਕੇ ਹੁਣ ਤੱਕ ਕੋਰੋਨਾਵਾਇਰਸ ਦਾ ਸਕਾਰਾਤਮਕ ਟੈਸਟ ਕੀਤਾ ਹੈ। ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਦੀ ਫੈਡਰਲ ਏਜੰਸੀ ਦੇ ਦਫਤਰ ਦੁਆਰਾ ਚਲਾਈ ਜਾ ਰਹੀ ਰਫਿਊਜ਼ੀ ਰੀਸੈਟਲਮੈਂਟ ਸੰਸਥਾ (ਓ.ਆਰ.ਆਰ.) ਦੇ ਦਫਤਰ ਦੀ ਦੇਖਭਾਲ ਵਿਚ ਕੁੱਲ ਮਿਲਾ ਕੇ, 1061 ਪ੍ਰਵਾਸੀ ਬੱਚਿਆਂ ਦੇ ਕੋਰੋਨਾਂ ਟੈਸਟ ਦੀ ਲੈਬ ਦੁਆਰਾ ਪੁਸ਼ਟੀ ਹੋ ਚੁੱਕੀ ਹੈ। ਇਸ ਏਜੰਸੀ ਦੇ ਅਨੁਸਾਰ 1,061 ਮਾਮਲਿਆਂ ਵਿਚੋਂ 943 ਬੱਚੇ ਠੀਕ ਹੋ ਕੇ ਅਤੇ ਡਾਕਟਰੀ ਨਿਗਰਾਨੀ ਤੋਂ ਬਾਹਰ ਭੇਜ ਦਿੱਤੇ ਗਏ ਹਨ, ਜਦਕਿ ਇਸ ਵੇਲੇ 118 ਬੱਚੇ ਵਾਇਰਸ ਦੇ ਪਾਜ਼ੀਟਿਵ ਟੈਸਟ ਨਾਲ ਮੈਡੀਕਲ ਨਿਗਰਾਨੀ ਹੇਠ ਹਨ। ਇਸ ਮਾਮਲੇ ਸੰਬੰਧੀ ਓ.ਆਰ.ਆਰ. ਦੇ ਕਾਰਜਕਾਰੀ ਡਾਇਰੈਕਟਰ ਨਿਕੋਲ ਕਿਉਬੇਜ ਅਨੁਸਾਰ ਹਿਰਾਸਤ ‘ਚ ਆਉਣ ਤੋਂ ਪਹਿਲਾਂ ਹੀ ਬੱਚੇ ਸੰਕਰਮਿਤ ਹੋ ਰਹੇ ਹਨ। ਇਨ੍ਹਾਂ ਦੇ ਸ਼ੁਰੂਆਤੀ 48 ਘੰਟਿਆਂ ਅੰਦਰ ਹੋਈ ਡਾਕਟਰੀ ਜਾਂਚ ਨੇ ਸਕਾਰਾਤਮਕ ਟੈਸਟਾਂ ਵਿਚ ਵਾਧਾ ਦਿਖਾਇਆ ਹੈ। ਅਮਰੀਕਾ ਵਿਚ ਐੱਚ.ਐੱਚ.ਐੱਸ. 100 ਤੋਂ ਵੱਧ ਅਜਿਹੀਆਂ ਪਨਾਹਗਾਹਾਂ ਦੇ ਨੈੱਟਵਰਕ ਨੂੰ ਫੰਡ ਦਿੰਦਾ ਹੈ, ਜੋ ਕਿ ਪ੍ਰਵਾਸੀ ਬੱਚੇ ਜਿਹੜੇ ਮਾਪਿਆਂ ਜਾਂ ਸਰਪ੍ਰਸਤਾਂ ਤੋਂ ਬਿਨਾਂ ਸੰਯੁਕਤ ਰਾਜ ਅਮਰੀਕਾ ਦਾਖਲ ਹੁੰਦੇ ਹਨ, ਨੂੰ ਕੋਈ ਸਪਾਂਸਰ ਨਾ ਮਿਲਣ ਤੱਕ ਦੇਖਭਾਲ ਮੁਹੱਈਆ ਕਰਵਾਉਦੀਆਂ ਹਨ। ਅਜਿਹੇ ਬੱਚੇ ਜੋ ਦੇਖਭਾਲ ਦੌਰਾਨ ਕੋਰੋਨਾਵਾਇਰਸ ਤੋਂ ਪੀੜਤ ਹੋਏ ਹਨ, ਉਹ ਨਿਊਯਾਰਕ, ਓਰੇਗਨ, ਟੈਕਸਸ, ਇਲੀਨੋਏ, ਪੈਨਸਿਲਵੇਨੀਆ, ਮਿਸ਼ੀਗਨ, ਐਰੀਜ਼ੋਨਾ, ਵਰਜੀਨੀਆ, ਕੈਲੀਫੋਰਨੀਆ ਅਤੇ ਫਲੋਰਿਡਾ ‘ਚ ਪਨਾਹ ਲੈ ਰਹੇ ਸਨ। ਸਰਕਾਰੀ ਅੰਕੜਿਆਂ ਅਨੁਸਾਰ ਇਸ ਸਮੇਂ ਓ.ਆਰ.ਆਰ. ਕੇਅਰ ‘ਚ ਤਕਰੀਬਨ 3,150 ਗੈਰਕਾਨੂੰਨੀ ਪ੍ਰਵਾਸੀ ਬੱਚੇ ਹਨ।


Share