ਯੂ.ਐੱਸ. ਮਰੀਨ ਕੋਰਪਸ ਦੇ ਲੈਫਟੀਨੈਂਟ ਸੁਖਬੀਰ ਤੂਰ ਨੂੰ ਡਿਊਟੀ ਦੌਰਾਨ ਪੱਗ ਬੰਨ੍ਹਣ ਦੀ ਮਿਲੀ ਇਜਾਜ਼ਤ

325
Share

ਵਾਸ਼ਿੰਗਟਨ/ਫਰਿਜ਼ਨੋ, 29 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕੀ ਸੈਨਾ ’ਚ ਕੰਮ ਕਰ ਰਹੇ ਇਕ ਸਿੱਖ ਅਫਸਰ ਨੂੰ ਹੁਣ ਡਿਊਟੀ ਦੌਰਾਨ ਪੱਗ ਬੰਨ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਯੂ.ਐੱਸ. ਮਰੀਨ ਕੋਰਪਸ ਦੇ ਲੈਫਟੀਨੈਂਟ ਸੁਖਬੀਰ ਤੂਰ ਜੋ ਪਿਛਲੇ ਪੰਜ ਸਾਲ ਤੋਂ ਇਸ ਅਧਿਕਾਰ ਲਈ ਸੰਘਰਸ਼ ਕਰ ਰਹੇ ਸਨ, ਉਨ੍ਹਾਂ ਨੂੰ ਰੋਜ਼ਾਨਾ ਡਿਊਟੀ ਦੌਰਾਨ ਪੱਗ ਬੰਨ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਨਿਊਯਾਰਕ ਟਾਈਮਜ਼ ਦੀ ਖ਼ਬਰ ਮੁਤਾਬਕ ਮਰੀਨ ਕੋਰਪਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਕਿਸੇ ਨੂੰ ਆਪਣੀ ਧਾਰਮਿਕ ਭਾਵਨਾਵਾਂ ਦੇ ਸਨਮਾਨ ਨੂੰ ਦੇਖਦੇ ਹੋਏ ਅਜਿਹੀ ਛੋਟ ਦਿੱਤੀ ਗਈ ਹੈ। ਲੈਫਟੀਨੈਂਟ ਸੁਖਬੀਰ ਤੂਰ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਆਪਣੇ ਦੇਸ਼ ਅਤੇ ਆਪਣੀਆਂ ਧਾਰਮਿਕ ਭਾਵਨਾਵਾਂ ਵਿਚੋਂ ਕਿਸੇ ਇਕ ਨੂੰ ਚੁਣਨਾ ਨਹੀਂ ਪਵੇਗਾ। ਉਹ ਦੋਹਾਂ ਨੂੰ ਇਕੱਠੇ ਲੈ ਕੇ ਅੱਗੇ ਵੱਧ ਸਕਦੇ ਹਨ। ਅਮਰੀਕੀ ਸੈਨਾ ਵਿਚ ਲੰਬੇ ਸਮੇਂ ਤੋਂ ਇਸ ਤਰ੍ਹਾਂ ਦਾ ਵਿਵਾਦ ਚੱਲ ਰਿਹਾ ਹੈ, ਜਿੱਥੇ ਕਿਸੇ ਸੈਨਿਕ ਨੂੰ ਇਸ ਤਰ੍ਹਾਂ ਦੀ ਛੋਟ ਦੇਣ ਸੰਬੰਧੀ ਚਰਚਾਵਾਂ ਜਾਰੀ ਹਨ। ਅਮਰੀਕਾ ਤੋਂ ਇਲਾਵਾ ਬਿ੍ਰਟੇਨ, ਕੈਨੇਡਾ, ਆਸਟ੍ਰੇਲੀਆ ਵਿਚ ਹੁਣ ਸਿੱਖ ਸੈਨਿਕਾਂ ਨੂੰ ਇਸ ਤਰ੍ਹਾਂ ਦੀ ਛੋਟ ਦਿੱਤੀ ਗਈ ਹੈ ਪਰ ਅਮਰੀਕਾ ਦੀ ਮਰੀਨ ਕੋਰਪਸ ਦੇ 246 ਸਾਲ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੈ, ਜਦੋਂ ਕਿਸੇ ਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ। ਸਿੱਖ ਅਫਸਰ ਲਈ ਕੁਝ ਨਿਯਮ ਵੀ ਲਾਗੂ ਕੀਤੇ ਗਏ ਹਨ। ਲੈਫਟੀਨੈਂਟ ਤੂਰ ਨੂੰ ਆਪਣੀ ਰੋਜ਼ਾਨਾ ਦੀ ਡਿਊਟੀ ਦੌਰਾਨ ਪੱਗ ਬੰਨ੍ਹਣ ਦੀ ਇਜਾਜ਼ਤ ਹੋਵੇਗੀ ਪਰ ਜੇਕਰ ਉਨ੍ਹਾਂ ਦੀ ਡਿਊਟੀ ਕਿਸੇ ਹਿੰਸਾਗ੍ਰਸਤ ਜਗ੍ਹਾ ’ਤੇ ਲੱਗਦੀ ਹੈ, ਤਾਂ ਉਹ ਅਜਿਹਾ ਨਹੀਂ ਕਰ ਪਾਉਣਗੇ। ਨਾਲ ਹੀ ਜੇਕਰ ਕਿਸੇ ਯੂਨਿਟ ਦਾ ਸਮਾਰੋਹ ਹੁੰਦਾ ਹੈ, ਤਾਂ ਉੱਥੇ ਪੂਰੀ ਵਰਦੀ ਪਾਉਣ ਦੇ ਤਹਿਤ ਪੱਗ ਬੰਨ੍ਹਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ’ਤੇ ਲੈਫਟੀਨੈਂਟ ਤੂਰ ਦਾ ਕਹਿਣਾ ਹੈ ਕਿ ਹਾਲੇ ਉਨ੍ਹਾਂ ਨੂੰ ਇਸ ਮਾਮਲੇ ਵਿਚ ਕੁਝ ਜਿੱਤ ਮਿਲੀ ਹੈ ਪਰ ਅੱਗੇ ਦੀ ਲੜਾਈ ਹਾਲੇ ਜਾਰੀ ਹੈ। ਲੈਫਟੀਨੈਂਟ ਤੂਰ ਨੇ ਸਾਲ 2017 ’ਚ ਮਰੀਨ ਜੁਆਇਨ ਕੀਤੀ ਸੀ, ਉਦੋਂ ਤੋਂ ਹੀ ਉਨ੍ਹਾਂ ਨੂੰ ਪੱਗ ਬੰਨ੍ਹਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।

Share