ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਸੈਕਟਰੀ ਜਨਰਲ ਦਾ ਧੰਨਵਾਦ
ਨਿਊਯਾਰਕ, 1 ਅਪ੍ਰੈਲ (ਪੰਜਾਬ ਮੇਲ)- ਯੂ.ਐੱਨ. ਅੰਡਰ ਸੈਕਟਰੀ ਜਨਰਲ ਅਡਾਮਾ ਡਿਆਂਗ ਨੇ ਕਾਬੁਲ ਗੁਰਦੁਆਰੇ ਵਿਚ ਸਿੱਖ ਭਾਈਚਾਰੇ ਉਪਰ ਹੋਏ ਕਾਤਿਲਾਨਾ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਇਸ ਸੰਬੰਧੀ ਯੂ.ਐੱਨ. ਗਲੋਬਲ ਸਟੀਰਿੰਗ ਕਮੇਟੀ ਮੈਂਬਰ ਡਾ. ਇਕਤਿਦਾਰ ਚੀਮਾ ਨਾਲ ਅਡਾਮਾ ਡਿਆਂਗ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ। ਉਨ੍ਹਾਂ ਕਿਹਾ ਕਿ ਇਸ ਉੱਤੇ ਨਿਗਾਹ ਰੱਖੀ ਜਾਵੇਗੀ।
ਡਾ. ਚੀਮਾ ਨੇ ਯੂ.ਐੱਨ. ਮੁੱਖ ਦਫਤਰ ਨੂੰ ਇਸ ਸੰਬੰਧੀ ਸੂਚਨਾ ਦਿੱਤੀ ਹੈ ਕਿ ਅਫਗਾਨਿਸਤਾਨ ਦੇ ਸਿੱਖਾਂ ਨੂੰ ਅੰਤਰਰਾਸ਼ਟਰੀ ਅੱਤਵਾਦ ਜਥੇਬੰਦੀ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਫਗਾਨਿਸਤਾਨ ਵਿਚ ਰਹਿ ਰਹੇ ਸਿੱਖਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸਿੱਖ ਕੌਮ ਨਾਲ 1990 ਤੋਂ ਤਸ਼ੱਦਦ ਕੀਤਾ ਜਾ ਰਿਹਾ ਹੈ। ਜਿਸ ਕਰਕੇ 2 ਲੱਖ ਦੇ ਕਰੀਬ ਸਿੱਖ ਅਫਗਾਨਿਸਤਾਨ ਛੱਡਣ ਲਈ ਮਜਬੂਰ ਹੋ ਚੁੱਕੇ ਹਨ ਅਤੇ ਹੁਣ ਉਥੇ ਸਿਰਫ 300 ਦੇ ਕਰੀਬ ਪਰਿਵਾਰ ਬਾਕੀ ਰਹਿ ਗਏ ਹਨ।
ਅਮਰੀਕਾ ਦੀਆਂ ਸਿੱਖ ਜਥੇਬੰਦੀਆਂ, ਜਿਨ੍ਹਾਂ ਵਿਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕਨ ਸਿੱਖ ਕਾਕਸ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਵੀ ਪਿਛਲੇ ਸਮੇਂ ਦੌਰਾਨ ਯੂ.ਐੱਨ. ਅੰਡਰ ਸੈਕਟਰੀ ਜਨਰਲ ਅਡਾਮਾ ਡਿਆਂਗ ਨਾਲ ਮੁਲਾਕਾਤਾਂ ਕਰਕੇ ਸਮੇਂ-ਸਮੇਂ ‘ਤੇ ਸਿੱਖਾਂ ਨਾਲ ਹੋ ਰਹੇ ਤਸ਼ੱਦਦ ਅਤੇ ਭੇਦਭਾਵ ਬਾਰੇ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਅਡਾਮਾ ਡਿਆਂਗ ਵੱਲੋਂ ਅਫਗਾਨਿਸਤਾਨ ਵਿਖੇ ਹੋਈ ਸਿੱਖ ਨਸਲਕੁਸ਼ੀ ਖਿਲਾਫ ਲਏ ਸਟੈਂਡ ‘ਤੇ ਇਨ੍ਹਾਂ ਜਥੇਬੰਦੀਆਂ ਨੇ ਉਸ ਦਾ ਧੰਨਵਾਦ ਕੀਤਾ ਹੈ।