ਯੂ.ਏ.ਪੀ.ਏ. ਕਾਨੂੰਨ ਤਹਿਤ ਗ੍ਰਿਫ਼ਤਾਰ ਤਿੰਨ ਨੌਜਵਾਨਾਂ ‘ਚੋਂ ਇਕ ਨੌਜਵਾਨ ਸਬੂਤਾਂ ਦੀ ਘਾਟ ਕਾਰਨ ਬਰੀ

429
Share

ਸਮਾਣਾ, 15 ਜੁਲਾਈ (ਪੰਜਾਬ ਮੇਲ)- ਪਿਛਲੇ ਦਿਨੀਂ ਸਮਾਣਾ ਪੁਲਿਸ ਵੱਲੋਂ ਯੂ.ਏ.ਪੀ.ਏ. ਕਾਨੂੰਨ ਤਹਿਤ ਫੜੇ ਗਏ ਤਿੰਨ ਨੌਜਵਾਨਾਂ ‘ਚੋਂ ਇੱਕ ਜਸਪ੍ਰੀਤ ਸਿੰਘ ਖ਼ਿਲਾਫ਼ ਕੋਈ ਸਬੂਤ ਨਾ ਮਿਲਣ ਕਾਰਨ ਸਮਾਣਾ ਦੀ ਅਦਾਲਤ ਦੇ ਹੁਕਮਾਂ ‘ਤੇ ਉਸ ਨੂੰ ਛੱਡ ਦਿੱਤਾ ਗਿਆ ਹੈ। ਇਸ ਸਬੰਧੀ ਜਸਪ੍ਰੀਤ ਸਿੰਘ ਖ਼ਿਲਾਫ਼ ਕੋਈ ਸਬੂਤ ਨਾ ਮਿਲਣ ਕਰਕੇ ਪੁਲਿਸ ਨੇ ਉਸ ਨੂੰ ਛੱਡਣ ਲਈ ਅਦਾਲਤ ‘ਚ ਅਰਜ਼ੀ ਲਗਾਈ ਸੀ। ਬੋਰੇਵਾਲ ਅਫਗਾਨ ਦੇ ਜਸਪ੍ਰੀਤ ਸਿੰਘ (19) ਨੂੰ ਸਮਾਣਾ ਪੁਲਿਸ ਵੱਲੋਂ 28 ਜੂਨ ਨੂੰ ਸਰਹਿੰਦ ਰੋਡ, ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ ਦਿਖਾਇਆ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਦੂਜੇ ਮੁਲਜ਼ਮ ਸੁਖਚੈਨ ਸਿੰਘ ਵਾਸੀ ਪਟਿਆਲਾ ਨਾਲ ਬਰਨਾਲਾ ਜੇਲ੍ਹ ਭੇਜ ਦਿੱਤਾ ਗਿਆ। ਇਸ ਸਬੰਧੀ ਡੀ.ਐੱਸ.ਪੀ. (ਜਾਂਚ) ਪਟਿਆਲਾ ਕ੍ਰਿਸ਼ਨ ਕੁਮਾਰ ਪੈਂਥੇ ਨੇ ਦੱਸਿਆ ਕਿ ਉਨ੍ਹਾਂ ਅਦਾਲਤ ਵਿਚ ਇਸ ਸਬੰਧੀ ਅਰਜ਼ੀ ਲਗਾਈ ਸੀ ਕਿ ਜਸਪ੍ਰੀਤ ਸਿੰਘ ਤੋਂ ਜਾਂਚ ਦੌਰਾਨ ਕੋਈ ਪੁਖਤਾ ਸਬੂਤ ਨਹੀਂ ਮਿਲੇ, ਜਿਸ ਕਰਕੇ ਉਸ ਨੂੰ ਛੱਡ ਦਿੱਤਾ ਜਾਵੇ। ਇਸ ਮਗਰੋਂ ਸਮਾਣਾ ਦੀ ਅਦਾਲਤ ਨੇ ਜਸਪ੍ਰੀਤ ਸਿੰਘ ਨੂੰ ਛੱਡਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਸ ਸਬੰਧੀ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਜਾਣਬੁੱਝ ਕੇ ਬੇਕਸੂਰ ਗਰੀਬ ਤੇ ਦਲਿਤ ਵਰਗ ਨਾਲ ਸਬੰਧਤ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਖ਼ਿਲਾਫ਼ ਹੁਣ ਲੋਕ ਆਵਾਜ਼ ਉੱਠਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਜਾਣਬੁੱਝ ਕੇ ਫਸਾਏ ਗਏ 16 ਨੌਜਵਾਨਾਂ ‘ਚੋਂ ਸਿਰਫ ਇੱਕ ਨੂੰ ਨਹੀਂ, ਸਗੋਂ ਸਾਰੇ ਨੌਜਵਾਨਾਂ ਨੂੰ ਛੱਡਣਾ ਪਵੇਗਾ।


Share