ਯੂ.ਏ.ਈ. ਤੋਂ ਪਰਤੇ 26 ਇਕਾਂਤਵਾਸ ਕੀਤੇ

726

ਟੈਸਟ ਨੈਗੇਟਿਵ ਪਾਏ ਜਾਣ ‘ਤੇ 8 ਘਰਾਂ ਨੂੰ ਭੇਜੇ, ਇਕ ਪਾਜ਼ੇਟਿਵ ਪਾਇਆ ਗਿਆ
ਖਡੂਰ ਸਾਹਿਬ, 29 ਮਈ (ਪੰਜਾਬ ਮੇਲ)- ਬੀਤੀ ਰਾਤ ਯੂ.ਏ.ਈ. ਦੇ ਅਬੂਧਾਬੀ ਤੋਂ ਪਰਤੇ 26 ਵਿਅਕਤੀ ਅੱਜ ਇਥੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਨਾਲ ਸੰਬੰਧਤ ਹੋਸਟਲ ਵਿਖੇ ਬਣਾਏ ਗਏ ਕੁਆਰਟਾਈਨ ਕੇਂਦਰ ਵਿਖੇ ਇਕਾਂਤਵਾਸ ਕੀਤੇ ਗਏ ਹਨ। ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਕਾਰਸੇਵਾ ਖਡੂਰ ਸਾਹਿਬ ਦੇ ਸੇਵਾਦਾਰ  ਨਿਰਮਲ ਸਿੰਘ ਨੇ ਦੱਸਿਆ ਕਿ ਤਰਨਤਾਰਨ ਜਿਲੇ ਨਾਲ ਸੰਬੰਧੰਤ ਇਹ ਵਿਅਕਤੀ ਆਪਣੇ ਬਾਕੀ ਸਾਥੀਆਂ ਨਾਲ ਬੀਤੀ ਰਾਤ ਤਕਰੀਬਨ 11 ਵਜੇ ਰਾਜਾਸਾਂਸੀ ਹਵਾਈ ਅੱਡੇ ‘ਤੇ ਉੱਤਰੇ ਅਤੇ ਸਵੇਰੇ ਤਿੰਨ ਕੁ ਵਜ਼ੇ ਖਡੂਰ ਸਾਹਿਬ ਇਕਾਂਤਵਾਸ ਕੇਂਦਰ ਵਿਚ ਲਿਆਂਦੇ ਗਏ। ਉਨ੍ਹਾਂ ਹੋਰ ਦੱਸਿਆ ਕਿ ਇਸ ਇਕਾਂਤਵਾਸ ਕੇਂਦਰ ਵਿਚ ਹੁਣ 77 ਵਿਅਕਤੀ ਇਕਾਂਤਵਾਸ ਵਿਚ ਰਹਿ ਰਹੇ ਹਨ। ਬੀਤੇ ਦੋ ਦਿਨਾਂ ਵਿਚ 9 ਵਿਅਕਤੀ ਸਿਹਤ ਵਿਭਾਗ ਵਲੋਂ ਘਰ ਭੇਜੇ ਗਏ ਹਨ,ਜਿਨ੍ਹਾਂ ਵਿਚੋਂ 8 ਨੈਗੇਟਿਵ ਪਾਏ ਗਏ ਹਨ ਜਦਕਿ ਇਕ,ਬਾਗੜੀਆਂ ਪਿੰਡ ਨਾਲ ਸੰਬੰਧਤ ਗੁਰਜਸ਼ਨਦੀਪ ਸਿੰਘ ਕਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਉਸ ਨੂੰ ਸਹੀ ਇਲਾਜ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਸਥਿਤ ਇਕਾਂਤਵਾਸ ਕੇਂਦਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ।
ਇਸ ਦੌਰਾਨ ਗੱਲਬਾਤ ਕਰਦਿਆਂ ਬਾਗੜੀਆਂ ਪਿੰਡ ਦੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਵਿਚੋਂ ਬਹੁਤੇ ਤਿੰਨ ਮਹੀਨੇ ਦੇ ਮਿਸ਼ਨ ਵੀਜ਼ੇ (ਸੀਮਤ ਸਮੇਂ ਦਾ ਵੀਜ਼ਾ) ‘ਤੇ ਯੂ ਏ ਈ ਗਏ ਸਨ। ਅਬੂਧਾਬੀ ਵਿਚ ਦੋ ਮਹੀਨੇ ਵਿਹਲੇ ਬੈਠ ਕੇ ਵਾਪਸ ਪਰਤੇ ਪਿੰਡ ਜਲਾਲਾਬਾਦ ਦੇ ਸ. ਸਤਨਾਮ ਸਿੰਘ ਨੇ ਦੱਸਿਆ ਕਿ ਤਿੰਨ ਮਹੀਨੇ ਦੇ ਵੀਜ਼ੇ ਵਿਚੋਂ ਸਿਰਫ ਇਕ ਮਹੀਨਾ ਕੰਮ ਮਿਲਿਆ ਬਾਕੀ ਸਮਾਂ ਮਹਾਂਮਾਰੀ ਕਾਰਨ ਉਹ ਵਿਹਲੇ ਰਹੇ। ਭਾਵੇਂ ਇਸ ਦੌਰਾਨ ਉਨ੍ਹਾਂ ਦੀ ਖਾਧ ਖੁਰਾਕ ਅਤੇ ਰਿਹਾਇਸ਼ ਦਾ ਖਰਚਾ ਸਰਕਾਰੀ ਕੰਪਨੀ ਐਡਨੌਕ ਨੇ ਚੁੱਕਿਆ ਪਰ ਲੌਕ ਡਾਊਨ ਸਮੇਂ ਦੀ ਤਨਖਾਹ ਕੋਈ ਨਹੀਂ ਦਿੱਤੀ। ਉਂਝ ਵਾਪਸੀ ਦੀ ਟਿਕਟ ਵੀ ਕੰਪਨੀ ਨੇ ਲੈ ਕੇ ਦਿੱਤੀ। ਜਿਨ੍ਹਾਂ ਦੇ ਵੀਜ਼ੇ ਖਤਮ ਹੋ ਚੁੱਕੇ ਸਨ ਉਨ੍ਹਾਂ ਦੇ ਵੀ ਟਿਕਟ ਸਮੇਤ ਸਾਰੇ ਖਰਚੇ ਕੰਪਨੀ ਨੇ ਚੁੱਕੇ।ਇਸ ਦੌਰਾਨ ਤਰਨਤਾਰਨ ਜ਼ਿਲ੍ਹੇ ਨਾਲ ਹੀ ਸੰਬੰਧਤ ਪਿੰਡ ਨੂਰਦੀ  ਦੇ ਅਮਨਪ੍ਰੀਤ ਸਿੰਘ, ਮਲਕੀਤ ਸਿੰਘ ਪਿੰਡ ਕੱਚਾ ਪੱਕਾ ਨੇ ਕਿਹਾ ਕਿ ਕਾਰਸੇਵਾ ਖਡੂਰ ਸਾਹਿਬ ਵਲੋਂ ਉਨ੍ਹਾਂ ਦੀ ਬੜੇ ਪਿਆਰ ਨਾਲ ਸਾਂਭ ਸਾਂਭਾਲ ਕੀਤੀ ਜਾ ਰਹੀ ਹੈ। ਇਸ ਦਾ ਉਹ ਸਾਰੇ ਦਿਲੋਂ ਸਤਿਕਾਰ ਕਰਦੇ ਹਨ।