ਯੂਰਪ ਤੇ ਅਮਰੀਕਾ ‘ਚ ਸਾਹਮਣੇ ਆਏ ਮੰਕੀਪਾਕਸ ਮਾਮਲਿਆਂ ਬਾਰੇ ‘ਚਿੰਤਤ ਹੋਣ ਦੀ ਲੋੜ ਹੈ” : ਬਾਇਡਨ

39
Share

ਦੱਖਣੀ ਕੋਰੀਆ, 23 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਯੂਰਪ ਅਤੇ ਅਮਰੀਕਾ ‘ਚ ਹਾਲ ਹੀ ਸਾਹਮਣੇ ਆਏ ਮੰਕੀਪਾਕਸ ਮਾਮਲਿਆਂ ਨੂੰ ‘ਚਿੰਤਤ ਹੋਣ ਦੀ ਲੋੜ ਹੈ।” ਇਸ ਬੀਮਾਰੀ ‘ਤੇ ਪਹਿਲੀ ਵਾਰ ਜਨਤਕ ਤੌਰ ‘ਤੇ ਟਿੱਪਣੀ ਕਰਦਿਆਂ ਬਾਇਡਨ ਨੇ ਕਿਹਾ, ”ਚਿੰਤਾ ਦੀ ਗੱਲ ਇਹ ਹੈ ਕਿ ਜੇ ਇਹ ਲਾਗ ਫੈਲਦੀ ਹੈ, ਤਾਂ ਇਸ ਦੇ ਨਤੀਜੇ ਭੁਗਤਣੇ ਹੋਣਗੇ।” ਬਾਇਡਨ ਦੱਖਣੀ ਕੋਰੀਆ ਦੇ ਓਸਾਨ ਹਵਾਈ ਅੱਡੇ ‘ਤੇ ਪੱਤਰਕਾਰਾਂ ਵੱਲੋਂ ਇਸ ਬੀਮਾਰੀ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਰਾਸ਼ਟਰਪਤੀ ਵਜੋਂ ਏਸ਼ੀਆ ਦੀ ਆਪਣੀ ਪਹਿਲੀ ਯਾਤਰਾ ਦੇ ਸਿਲਸਿਲੇ ‘ਚ ਬਾਇਡਨ ਨੇ ਜਾਪਾਨ ਰਵਾਨਾ ਹੋਣ ਤੋਂ ਪਹਿਲਾਂ ਫ਼ੌਜੀਆਂ ਨਾਲ ਮੁਲਾਕਾਤ ਕੀਤੀ।
ਬਾਇਡਨ ਨੇ ਕਿਹਾ, ”ਅਜੇ ਮੈਨੂੰ ਲਾਗ ਦੇ ਪ੍ਰਸਾਰ ਬਾਰੇ ਨਹੀਂ ਦੱਸਿਆ ਗਿਆ ਹੈ। ਇਸ ਬਾਰੇ ਸਾਰਿਆਂ ਨੂੰ ਚਿੰਤਤ ਹੋਣਾ ਚਾਹੀਦਾ ਹੈ।” ਉਨ੍ਹਾਂ ਕਿਹਾ ਕਿ ਇਹ ਪਤਾ ਲਗਾਉਣ ਲਈ ਕੰਮ ਚੱਲ ਰਿਹਾ ਹੈ ਕਿ ਕਿਹੜੀ ਵੈਕਸੀਨ ਅਸਰਦਾਰ ਹੋ ਸਕਦੀ ਹੈ। ਮੰਕੀਪਾਕਸ ਦੇ ਮਾਮਲੇ ਅਫ਼ਰੀਕਾ ਤੋਂ ਬਾਹਰ ਘੱਟ ਹੀ ਦੇਖਣ ਨੂੰ ਮਿਲਦੇ ਹਨ ਪਰ ਸ਼ੁੱਕਰਵਾਰ ਤੱਕ ਦੁਨੀਆਂ ਭਰ ‘ਚ 80 ਮਾਮਲਿਆਂ ਦੀ ਪੁਸ਼ਟੀ ਹੋਈ। ਇਨ੍ਹਾਂ ‘ਚੋਂ ਘੱਟੋ-ਘੱਟ ਦੋ ਮਾਮਲੇ ਅਮਰੀਕਾ ‘ਚ ਸਾਹਮਣੇ ਆਏ। ਹਾਲਾਂਕਿ ਇਹ ਬੀਮਾਰੀ ਚੇਚਕ ਵਰਗੀ ਹੈ ਪਰ ਇਸ ਦੇ ਲੱਛਣ ਹਲਕੇ ਹੁੰਦੇ ਹਨ। ਮਰੀਜ਼ ਆਮ ਤੌਰ ‘ਤੇ ਹਸਪਤਾਲ ‘ਚ ਦਾਖ਼ਲ ਹੋਣ ਤੋਂ ਬਿਨਾਂ ਦੋ ਤੋਂ ਚਾਰ ਹਫ਼ਤਿਆਂ ‘ਚ ਠੀਕ ਹੋ ਜਾਂਦੇ ਹਨ ਪਰ ਕਈ ਵਾਰ ਇਹ ਬੀਮਾਰੀ ਘਾਤਕ ਹੋ ਸਕਦੀ ਹੈ।


Share