ਯੂਰਪੀਅਨ ਯੂਨੀਅਨ ਵੱਲੋਂ ਪਾਕਿ ਏਅਰਲਾਈਨਜ਼ ‘ਤੇ ਲਾਈ 6 ਮਹੀਨੇ ਦੀ ਪਾਬੰਦੀ

816
Share

ਇਸਲਾਮਾਬਾਦ, 2 ਜੁਲਾਈ (ਪੰਜਾਬ ਮੇਲ)-ਯੂਰਪੀ ਯੂਨੀਅਨ (ਈ.ਯੂ.) ਨੇ ਸੁਰੱਖਿਆ ਕਾਰਨਾਂ ਕਰ ਕੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਦੀਆਂ ਉਡਾਣਾਂ ‘ਤੇ ਛੇ ਮਹੀਨੇ ਲਈ ਰੋਕ ਲਾ ਦਿੱਤੀ ਹੈ। ਇਸ ਤੋਂ ਬਾਅਦ ਪਾਕਿਸਤਾਨ ਨੇ ਯੂਰਪੀ ਦੇਸ਼ਾਂ ਲਈ ਪੀ. ਆਈ. ਏ. ਦੀ ਸੇਵਾ ਠੱਪ ਕਰਨ ਦਾ ਐਲਾਨ ਕੀਤਾ ਹੈ। ਯੂਰਪੀ ਯੂਨੀਅਨ ਏਅਰ ਸੇਫਟੀ ਏਜੰਸੀ (ਈ.ਏ.ਐੱਸ.ਏ.) ਨੇ ਕਿਹਾ ਕਿ ਪੀ.ਆਈ.ਏ. ਜਹਾਜ਼ਾਂ ਦੀ ਮੁਅੱਤਲੀ ਪਹਿਲੀ ਜੁਲਾਈ ਤੋਂ ਲਾਗੂ ਹੋਵੇਗੀ। ਪੀ.ਆਈ.ਏ. ਇਸ ਖ਼ਿਲਾਫ਼ ਅਪੀਲ ਕਰ ਸਕਦੀ ਹੈ। ਏਅਰਲਾਈਨਜ਼ ਨੇ ਕਿਹਾ ਕਿ ਈ.ਏ.ਐੱਸ.ਏ. ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫ਼ੈਸਲੇ ਖ਼ਿਲਾਫ਼ ਅਪੀਲ ਕਰਨ ਵਰਗੇ ਕਦਮ ਵੀ ਉਠਾਏ ਜਾ ਸਕਦੇ ਹਨ। ਈ.ਯੂ. ਨੇ ਇਹ ਪਾਬੰਦੀ ਪਾਕਿਸਤਾਨ ਦੇ ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਖ਼ਾਨ ਦੇ ਉਸ ਬਿਆਨ ਤੋਂ ਬਾਅਦ ਲਾਈ ਹੈ, ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਇਕ ਤਿਹਾਈ ਪੀ. ਆਈ. ਏ. ਪਾਇਲਟਾਂ ਕੋਲ ਫਰਜ਼ੀ ਲਾਇਸੈਂਸ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਇਲਟਾਂ ਦੀ ਲਾਪ੍ਰਵਾਹੀ ਕਾਰਨ ਹਾਲੀਆ ਘੱਟੋ-ਘੱਟ ਤਿੰਨ ਹਵਾਈ ਹਾਦਸੇ ਹੋਏ ਹਨ, ਜਿਨ੍ਹਾਂ ‘ਚ 22 ਮਈ ਨੂੰ ਹੋਇਆ ਹਾਦਸਾ ਵੀ ਸ਼ਾਮਲ ਹੈ।

ਟਿਕਟ ਘਪਲੇ ‘ਚ ਪੀ.ਆਈ.ਏ. ਨੂੰ ਲੱਖਾਂ ਦਾ ਚੂਨਾ
ਪਾਇਲਟਾਂ ਦੇ ਫਰਜ਼ੀ ਲਾਇਸੈਂਸ ਦੇ ਸਦਮੇ ‘ਚੋਂ ਹਾਲੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਉਭਰੀਆਂ ਵੀ ਨਹੀਂ ਸਨ ਕਿ ਉਸ ਨੂੰ ਸਪੈਸ਼ਲ ਫਲਾਈਟ ਦੇ ਟਿਕਟ ਘਪਲੇ ‘ਚ ਲੱਖਾਂ ਦਾ ਚੂਨਾ ਲੱਗ ਗਿਆ। ਯੂਰਪ ਲਈ ਇਨ੍ਹਾਂ ਵਿਸ਼ੇਸ਼ ਉਡਾਣਾਂ ਦੀ ਟਿਕਟ ਵਿਕਰੀ ‘ਚ ਅਧਿਕਾਰੀਆਂ ਨੇ 80 ਲੱਖ ਰੁਪਏ ਤੋਂ ਜ਼ਿਆਦਾ ਦਾ ਘਪਲਾ ਕਰ ਦਿੱਤਾ। ਅਧਿਕਾਰੀਆਂ ਨੇ ਵਿਸ਼ੇਸ਼ ਉਡਾਣਾਂ ਰਾਹੀਂ ਉਨ੍ਹਾਂ 50 ਯਾਤਰੀਆਂ ਨੂੰ ਵੀ ਇਟਲੀ ਤੇ ਫਰਾਂਸ ਭੇਜ ਦਿੱਤਾ, ਜਿਨ੍ਹਾਂ ਨੇ ਪਹਿਲਾਂ ਤੋਂ ਟਿਕਟਾਂ ਖ਼ਰੀਦੀਆਂ ਸਨ। ਜਦਕਿ, ਵਿਸ਼ੇਸ਼ ਉਡਾਣਾਂ ਤੋਂ ਪਹਿਲਾਂ ਟਿਕਟ ਲੈਣ ਵਾਲਿਆਂ ਨਹੀਂ ਭੇਜਿਆ ਜਾਣਾ ਸੀ।


Share