ਯੂਬਾ ਸਿਟੀ ਵਿਖੇ 1984 ਦੇ ਦੁਖਾਂਤ ਤੇ ਉਸ ਤੋਂ ਬਾਅਦ ਦੇ ਹਾਲਾਤਾਂ ਬਾਰੇ ਕਰਵਾਇਆ ਗਿਆ ਸੈਮੀਨਾਰ

817
ਸਮਾਗਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ. ਜਸਬੀਰ ਸਿੰਘ ਕੰਗ।
Share

ਯੂਬਾ ਸਿਟੀ, 17 ਜੂਨ (ਪੰਜਾਬ ਮੇਲ)- ਪੰਜਾਬੀ-ਅਮੇਰੀਕਨ ਹੈਰੀਟੇਜ ਸੁਸਾਇਟੀ, ਯੂਬਾ ਸਿਟੀ/ਸੈਕਰਾਮੈਂਟੋ ਚੈਪਟਰ ਅਤੇ ਜੈਕਾਰਾ ਮੂਵਮੈਂਟ ਵੱਲੋਂ 1984 ਦੇ ਦੁਖਾਂਤ ਅਤੇ ਉਸ ਤੋਂ ਬਾਅਦ ਦੇ ਹਾਲਾਤਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਿੱਖ ਕਮਿਊਨਿਟੀ ਸੈਂਟਰ ਵਿਖੇ ਹੋਏ ਇਸ ਸਮਾਗਮ ਵਿਚ ਸਿੱਖ ਬੁੱਧੀਜੀਵੀਆਂ ਦੇ ਵਿਚਾਰ ਸਾਂਝੇ ਕੀਤੇ ਗਏ, ਜਿਨ੍ਹਾਂ ਵਿਚ ਡਾ. ਗੁਰਦਰਸ਼ਨ ਸਿੰਘ ਢਿੱਲੋਂ, ਡਾ. ਹਰਜੋਤ ਸਿੰਘ ਸੇਖੋਂ, ਡਾ. ਹਰਕੀਰਤ ਸਿੰਘ ਸੱਗੂ, ਨੋਰਮੈਨ ਕ੍ਰਿਸਮੈਨ, ਸੁਰਿੰਦਰ ਸਿੰਘ, ਡਾ. ਰਜਨੀਤ ਕੌਰ ਸੇਖੋਂ ਅਤੇ ਜਸ਼ਨ ਸਿੰਘ ਸ਼ਾਮਲ ਸਨ। ਇਸ ਮੌਕੇ ਕੁੱਝ ਚੋਣਵੇਂ ਲੋਕਾਂ ਨੂੰ ਹੀ ਇਸ ਸਮਾਗਮ ਵਿਚ ਸੱਦਾ ਪੱਤਰ ਦਿੱਤਾ ਗਿਆ ਸੀ, ਤਾਂਕਿ ਕੋਵਿਡ-19 ਦੇ ਚੱਲਦਿਆਂ ਅਹਿਤਿਆਤ ਰੱਖਿਆ ਜਾ ਸਕੇ।
ਇਸ ਬਾਰੇ ਦਵਿੰਦਰ ਕੌਰ ਦਿਓਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਨਾਲ ਅਮਰੀਕਾ ਵਿਚ ਜਨਮੇ ਸਿੱਖ ਕੌਮ ਦੇ ਬੱਚਿਆਂ ਨੂੰ ਵਿਸ਼ੇਸ਼ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਤਾਂਕਿ ਉਨ੍ਹਾਂ ਨੂੰ ਅਸਲੀਅਤ ਬਾਰੇ ਪਤਾ ਲੱਗ ਸਕੇ। ਡਾ. ਜਸਬੀਰ ਸਿੰਘ ਕੰਗ ਨੇ ਪੰਜਾਬ ਮੇਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 36 ਸਾਲ ਬੀਤ ਜਾਣ ਦੇ ਬਾਅਦ ਵੀ ਸਾਡੀ ਕੌਮ ਦੇ ਜ਼ਖਮ ਭਰੇ ਨਹੀਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀ ਨਸਲ ਨੂੰ ਤੱਥਾਂ ‘ਤੇ ਆਧਾਰਿਤ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਸ ਮੌਕੇ ਬੇਕਸੂਰ ਲੋਕਾਂ ਅਤੇ ਬੱਚਿਆਂ ‘ਤੇ ਬਾਅਦ ਵਿਚ ਦਿਮਾਗੀ ਤੌਰ ‘ਤੇ ਕੀ ਅਸਰ ਹੋਇਆ, ਉਸ ਬਾਰੇ ਇਸ ਸਮਾਗਮ ‘ਚ ਵਿਚਾਰ ਸਾਂਝੇ ਕੀਤੇ ਗਏ। ਡਾ. ਕੰਗ ਨੇ ਦੱਸਿਆ ਕਿ ਇਸ ਸਮਾਗਮ ਦੇ ਬੁਲਾਰੇ ਆਪੋ-ਆਪਣੇ ਖੇਤਰ ਵਿਚ ਬੜਾ ਅਹਿਮ ਸਥਾਨ ਰੱਖਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਮੱਲ੍ਹਮ ਦੀ ਬਹੁਤ ਜ਼ਰੂਰਤ ਹੈ।


Share