ਯੂਬਾ ਸਿਟੀ ‘ਚ ਪ੍ਰਵਾਸੀ ਪੰਜਾਬੀਆਂ ਬਾਰੇ ਕਿਤਾਬ ਰਿਲੀਜ਼

10

ਯੂਬਾ ਸਿਟੀ, 25 ਜਨਵਰੀ (ਪੰਜਾਬ ਮੇਲ)- ਪੰਜਾਬੀ ਅਮੈਰੀਕਨ ਹੈਰੀਟੇਜ਼ ਸੁਸਾਇਟੀ ਵੱਲੋਂ ਯੂਬਾ ਸਿਟੀ ਦੇ ਸਟੇਟ ਲਾਇਬ੍ਰੇਰੀ ਵਿਖੇ ਇਕ ਭਰਵੇਂ ਸਮਾਗਮ ਦੌਰਾਨ ਪ੍ਰਵਾਸੀ ਪੰਜਾਬੀਆਂ ਬਾਰੇ ਕਿਤਾਬ ਰਿਲੀਜ਼ ਕੀਤੀ ਗਈ। ਕਿਤਾਬ ਦਾ ਸਿਰਲੇਖ ਸੀ ”California’s Pioneering Punjabis: an American Story.” ਇਸ ਸਮਾਗਮ ਵਿਚ ਅਸੈਂਬਲੀਮੈਨ ਜੇਮਜ਼ ਗਾਲਾਗਰ, ਅਸੈਂਬਲੀ ਮੈਂਬਰ ਡਾ. ਜਸਮੀਤ ਕੌਰ ਬੈਂਸ, ਅਸੈਂਬਲੀ ਮੈਂਬਰ ਐਸ਼ ਕਾਲੜਾ, ਅਸੈਂਬਲੀ ਮੈਂਬਰ ਜਿਮ ਪੀਟਰਸਨ ਸਮੇਤ ਕਈ ਹੋਰ ਅਮਰੀਕੀ ਆਗੂ ਵੀ ਹਾਜ਼ਰ ਸਨ। ਇਨ੍ਹਾਂ ਆਗੂਆਂ ਨੇ ਕੈਲੀਫੋਰਨੀਆ ਵਿਚ ਪੰਜਾਬੀ ਸਿੱਖਾਂ ਵੱਲੋਂ ਪਾਏ ਮਹੱਤਵਪੂਰਨ ਯੋਗਦਾਨ ਬਾਰੇ ਕਿਤਾਬ ‘ਚ ਚਾਨਣਾ ਪਾਉਣ ਦੀ ਸ਼ਲਾਘਾ ਕੀਤੀ।
ਜ਼ਿਕਰਯੋਗ ਹੈ ਕਿ 288 ਸਫਿਆਂ ਦੀ ਇਹ ਕਿਤਾਬ ਅਮਰੀਕਨ ਲੇਖਕ ‘ਲੀ ਤ੍ਰਿਹੂਨ’ ਵੱਲੋਂ ਲਿਖੀ ਗਈ ਹੈ। ਇਸ ਕਿਤਾਬ ਵਿਚ ਲੇਖਕ ਨੇ 19ਵੀਂ ਅਤੇ 20ਵੀਂ ਸਦੀ ਦੌਰਾਨ ਪ੍ਰਵਾਸੀ ਪੰਜਾਬੀਆਂ ਦੇ ਕੈਲੀਫੋਰਨੀਆ ਵਿਚ ਕੀਤੇ ਗਏ ਪ੍ਰਵਾਸ ਨੂੰ ਬਿਆਨ ਕੀਤਾ ਹੈ। ਲੇਖਕ ਵੱਲੋਂ ਉਸ ਸਮੇਂ ਦੌਰਾਨ ਪੰਜਾਬੀਆਂ ਵੱਲੋਂ ਕੈਲੀਫੋਰਨੀਆ ਦੇ ਖੇਤਾਂ ਅਤੇ ਬਾਗਾਂ ਵਿਚ ਕੀਤੀ ਗਈ ਘੱਟ ਤਨਖਾਹ ‘ਤੇ ਮਜ਼ਦੂਰੀ, ਉਸ ਸਮੇਂ ਦੌਰਾਨ ਉਨ੍ਹਾਂ ਨਾਲ ਹੁੰਦਾ ਵਿਤਕਰਾ ਬੜੇ ਸੁਚੱਜੇ ਢੰਗ ਨਾਲ ਬਿਆਨ ਕੀਤਾ। ਲੇਖਕ ਨੇ ਪ੍ਰਵਾਸੀ ਪੰਜਾਬੀ ਭਗਤ ਸਿੰਘ ਥਿੰਦ ਦੇ ਅਮਰੀਕੀ ਸੈਨਾ ਵਿਚ ਕੀਤੀ ਗਈ ਸੇਵਾ ਦੇ ਨਾਲ-ਨਾਲ, ਪਹਿਲੇ ਪੰਜਾਬੀ ਕਾਂਗਰਸਮੈਨ ਦਲੀਪ ਸਿੰਘ ਸੌਂਦ ਬਾਰੇ ਵੀ ਵਰਣਨ ਕੀਤਾ ਹੈ।
ਇਸ ਮੌਕੇ ਡਾ. ਜਸਵੀਰ ਸਿੰਘ ਕੰਗ ਨੇ ਸਮੂਹ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।