ਯੂਬਾ ਸਿਟੀ ਗੋਲੀ ਕਾਂਡ ‘ਚ ਪੰਜਾਬੀ ਨੌਜਵਾਨ ਦੀ ਮੌਤ-ਸ਼ੱਕੀ ਹਮਲਾਵਰ ਗਿ੍ਫ਼ਤਾਰ

66
Share

ਸਾਨ ਫਰਾਂਸਿਸਕੋ, 2 ਮਈ (ਪੰਜਾਬ ਮੇਲ)- ਸਟਰ ਕਾਉਂਟੀ ਸ਼ੈਰਿਫ ਦਾ ਦਫ਼ਤਰ ਯੂਬਾ ਸਿਟੀ ‘ਚ ਹੋਏ ਕਤਲ ਕਾਂਡ ਦੀ ਜਾਂਚ ਬਹੁਤ ਹੀ ਗੰਭੀਰਤਾ ਨਾਲ ਕਰ ਰਿਹਾ ਹੈ | ਇਸ ਜਾਂਚ ਦੇ ਚੱਲਦਿਆਂ ਸਾਹਮਣੇ ਆਇਆ ਕਿ ਕਤਲ ਕਾਂਡ ‘ਚ ਮਾਰਿਆ ਗਿਆ ਵਿਅਕਤੀ 32 ਸਾਲਾ ਪੰਜਾਬੀ ਨੌਜਵਾਨ ਜਗਦੀਪ ਮਾਨ ਸੀ, ਦੱਸਿਆ ਜਾਂਦਾ ਹੈ ਕਿ ਉਹ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਲਾਗਲੇ ਪਿੰਡ ਹੀਓਾ ਨਾਲ ਸਬੰਧਿਤ ਸੀ | ਸ਼ੈਰਿਫ ਦਫਤਰ ਨੇ ਦੱਸਿਆ ਕਿ ਸਵੇਰੇ ਸਾਢੇ 10 ਵਜੇ ਜਦੋਂ ਪੁਲਿਸ ਅਧਿਕਾਰੀ ਐਲਨ ਕੋਰਟ ਦੇ 1800 ਬਲਾਕ ਪਹੁੰਚੇ ਤਾਂ ਉੱਥੇ ਮਾਨ ਦੀ ਗੋਲੀਆਂ ਵਿੰਨ੍ਹੀ ਲਾਸ਼ ਮਿਲੀ | ਉਸ ਦੀ ਭੈਣ ਕਮਲਦੀਪ ਵਾਸਕੁਜ ਵੀ ਪਰਿਵਾਰ ਦੇ ਕਿਸੇ ਹੋਰ ਮੈਂਬਰ ਦੁਆਰਾ ਸੂਚਿਤ ਕੀਤੇ ਜਾਣ ਤੋਂ ਬਾਅਦ ਘਟਨਾ ਸਥਾਨ ‘ਤੇ ਪਹੁੰਚ ਗਈ ਸੀ | ਸ਼ੈਰਿਫ ਦੇ ਦਫਤਰ ਨੇ ਦੱਸਿਆ ਕਿ ਹਮਲਾਵਰ ਦੀ ਪਛਾਣ 22 ਸਾਲਾ ਰੌਬਰਟੋ ਰੌਬਿਨਸਨ ਵਜੋਂ ਕੀਤੀ ਗਈ ਹੈ | ਉਹ ਕੁਝ ਬਲਾਕ ਭੱਜਿਆ ਅਤੇ ਐਂਥਨੀ ਵੇਅ ‘ਤੇ ਇਕ ਘਰ ਦੇ ਅੰਦਰ ਵੜ ਗਿਆ | ਉਸ ਘਰ ਵਿਚ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਰੌਬਿਨਸਨ ਜਦੋਂ ਉਸ ਦੇ ਘਰ ਵੜਿਆ ਤਾਂ ਉਹ ਘਰ ਨਹੀਂ ਸੀ | ਹਾਲਾਂਕਿ, ਉਸਦਾ ਬੇਟਾ ਅਤੇ ਇਕ ਹੋਰ ਵਿਅਕਤੀ ਅੰਦਰ ਹੀ ਸੀ | ਸਟਰ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਅੰਡਰਸ਼ੈਰਿਫ ਸਕਾਟ ਸਮਾਲਵੁਡ ਨੇ ਕਿਹਾ ਸ਼ੱਕੀ ਹਥਿਆਰਬੰਦ ਹਮਲਾਵਰ ਨੇ ਆਪਣੇ ਆਪ ਨੂੰ ਘਰ ਵਿਚ ਬੰਦ ਕੀਤਾ ਹੋਇਆ ਸੀ | ਪੁਲਿਸ ਅਧਿਕਾਰੀਆਂ ਨੇ ਗੱਲਬਾਤ ਰਾਹੀਂ ਰੌਬਿਨਸਨ ਨੂੰ ਸ਼ਾਂਤੀਪੂਰਵਕ ਢੰਗ ਨਾਲ ਬਾਹਰ ਨਿਕਲਣ ਲਈ ਪ੍ਰੇਰਿਆ ਤੇ ਘਰ ਅੰਦਰ ਦੋ ਮੈਂਬਰਾਂ ਨੂੰ ਵੀ ਸੁਰੱਖਿਅਤ ਕਰ ਲਿਆ | ਰੌਬਿਨਸਨ ਨੂੰ ਕਤਲੇਆਮ ਸਮੇਤ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ |


Share