ਯੂਨੈਸਕੋ ਨੇ ‘ਲਿਵਰਪੂਲ’ ਨੂੰ ਵਿਸ਼ਵ ਵਿਰਾਸਤ ਦੀ ਸੂਚੀ ’ਚੋਂ ਹਟਾਇਆ

38
Share

ਗਲਾਸਗੋ, 22 ਜੁਲਾਈ (ਮਨਦੀਪ ਖੁਰਮੀ ਹਿੰਮਤਪੁਰਾ/ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੀ ਸਭਿਆਚਾਰਕ ਏਜੰਸੀ ਯੂਨੈਸਕੋ ਨੇ ਬੁੱਧਵਾਰ ਨੂੰ ਲਿਵਰਪੂਲ ਨੂੰ ਵਿਸ਼ਵ ਵਿਰਾਸਤ ਦੀ ਸੂਚੀ ਵਿੱਚੋਂ ਹਟਾ ਦਿੱਤਾ ਹੈ। ਲਿਵਰਪੂਲ ਦੇ ਵਾਟਰਫ੍ਰੰਟ ਨੂੰ ਵਿਸ਼ਵ ਵਿਰਾਸਤੀ ਥਾਵਾਂ ਦੀ ਸੂਚੀ ਵਿਚੋਂ ਹਟਾਉਣ ਲਈ ਵੋਟਿੰਗ ਕੀਤੀ ਗਈ। ਇਸ ਸਥਾਨ ਨੂੰ ਹਟਾਉਣ ਲਈ ਨਵੇਂ ਫੁੱਟਬਾਲ ਸਟੇਡੀਅਮ ਦੀਆਂ ਯੋਜਨਾਵਾਂ ਸਮੇਤ ਨਵੀਆਂ ਉਸਾਰੀਆਂ ਦਾ ਹਵਾਲਾ ਦਿੱਤਾ ਗਿਆ। ਚੀਨ ਦੀ ਪ੍ਰਧਾਨਗੀ ਵਾਲੀ ਕਮੇਟੀ ਦੀ ਗੱਲਬਾਤ ਵਿਚ 13 ਡੈਲੀਗੇਟਾਂ ਨੇ ਸੂਚੀ ਵਿਚੋਂ ਹਟਾਉਣ ਲਈ ਪ੍ਰਸਤਾਵ ਦੇ ਹੱਕ ਵਿਚ ਵੋਟ ਦਿੱਤੀ, ਜਦਕਿ ਪੰਜਾਂ ਨੇ ਇਸ ਦਾ ਵਿਰੋਧ ਕੀਤਾ। ਜਿਸ ਉਪਰੰਤ ਯੂਨੈਸਕੋ ਦੀ ਵਿਸ਼ਵ ਵਿਰਾਸਤ ਕਮੇਟੀ ਦੇ ਚੇਅਰਮੈਨ, ਤਿਆਨ ਜੂਜੁਨ ਨੇ ਐਲਾਨ ਕੀਤਾ ਕਿ ਲਿਵਰਪੂਲ ਮੈਰੀਟਾਈਮ ਮਰਕੈਂਟਾਈਲ ਸਿਟੀ ਦੀ ਸਾਈਟ ਨੂੰ ਵਿਸ਼ਵ ਵਿਰਾਸਤ ਸੂਚੀ ਵਿਚੋਂ ਹਟਾ ਦਿੱਤਾ ਗਿਆ ਹੈ। ਲਿਵਰਪੂਲ ਸਿਟੀ ਪ੍ਰਸ਼ਾਸਨ, ਕੌਂਸਲ ਦੇ ਨਾਲ ਬਿ੍ਰਟੇਨ ਦੀ ਸਰਕਾਰ ਨੇ ਵੀ ਇਸ ਫ਼ੈਸਲੇ ’ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਲਿਵਰਪੂਲ ਹਾਲੇ ਵੀ ਆਪਣੇ ਵਿਸ਼ਵ ਵਿਰਾਸਤ ਦਾ ਹੱਕਦਾਰ ਹੈ ਪਰ ਯੂਨੈਸਕੋ ਦੇ ਡੈਲੀਗੇਟਾਂ ਅਨੁਸਾਰ ਉੱਚੀਆਂ ਇਮਾਰਤਾਂ ਅਤੇ ਤਰੱਕੀ ਦੀਆਂ ਯੋਜਨਾਵਾਂ ਵਿਰਾਸਤ ਲਈ ਚਿੰਤਾ ਦਾ ਵਿਸ਼ਾ ਹਨ। ਇਸ ਮਾਮਲੇ ਵਿਚ ਕਈ ਦੇਸ਼ਾਂ ਨੇ ਯੂ.ਕੇ. ਦੀ ਹਮਾਇਤ ਕੀਤੀ। ਲਿਵਰਪੂਲ ਨੂੰ ਸੂਚੀ ’ਚੋਂ ਕੱਢਣ ਦੇ ਵਿਰੁੱਧ ਬਹਿਸ ਕਰਨ ਵਾਲਿਆਂ ਵਿਚ ਆਸਟ੍ਰੇਲੀਆ ਵੀ ਸ਼ਾਮਲ ਹੈ।

Share