ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਸਾਥੀਆਂ ਸਣੇ ਨਵੇਂ ਅਕਾਲੀ ਦਲ ‘ਚ ਸ਼ਾਮਲ

601
Share

-ਬੇਅਦਬੀ ਮਾਮਲਿਆਂ ‘ਚ ਬਾਦਲ ਪਰਿਵਾਰ ਦੀ ਡੇਰਾ ਸਿਰਸਾ ਨਾਲ ਮਿਲੀਭੁਗਤ ਆਈ ਸਾਹਮਣੇ: ਢੀਂਡਸਾ
ਜਲੰਧਰ, 25 ਜੁਲਾਈ (ਪੰਜਾਬ ਮੇਲ)- ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੀ ਪਾਰਟੀ ਦਾ ਰਲੇਵਾਂ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਬਣੇ ਸ਼੍ਰੋਮਣੀ ਅਕਾਲੀ ਦਲ ‘ਚ ਕਰ ਦਿੱਤਾ ਹੈ। ਇਸ ਸਬੰਧੀ ਗੁਰਦੁਆਰਾ ਪਾਤਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਨਗਰ ਵਿੱਚ ਸਮਾਗਮ ਹੋਇਆ। ਬੁਲਾਰਿਆਂ ਨੇ ਕਿਹਾ ਕਿ ਬਾਦਲਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ 100 ਸਾਲ ਪਿੱਛੇ ਵਾਲੇ ਬਣਾ ਦਿੱਤੇ ਹਨ, ਜਦੋਂ ਮਹੰਤਾਂ ਦਾ ਗੁਰੂ ਘਰਾਂ ‘ਤੇ ਕਬਜ਼ਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਬਾਦਲ ਪਰਿਵਾਰ ਦਾ ਸਾਥ ਛੱਡਣ ਵਿਚ ਦੇਰੀ ਜ਼ਰੂਰ ਕੀਤੀ ਪਰ ਉਹ ਬੇਦਾਗ਼ ਬਾਹਰ ਆਏ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਇਸ ਵਿਚ ਬਾਦਲ ਪਰਿਵਾਰ ਦੀ ਡੇਰਾ ਸਿਰਸਾ ਨਾਲ ਮਿਲੀਭੁਗਤ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸੰਗਤ ਮੁਆਫ਼ ਨਹੀਂ ਕਰੇਗੀ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕਿਸਾਨ ਵਿਰੋਧੀ ਆਰਡੀਨੈਂਸ ਦਾ ਵਿਰੋਧ ਕਰਦੇ ਹਨ।ਉਨ੍ਹਾਂ ਕੇਂਦਰ ਸਰਕਾਰ ਨੂੰ ਇਹ ਆਰਡੀਨੈਂਸ ਵਾਪਸ ਲੈਣ ਦੀ ਅਪੀਲ ਵੀ ਕੀਤੀ। ਇਸ ਕਰਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਨਾਂ ਪੱਤਰ ਵੀ ਲਿਖਿਆ ਹੈ। ਭਾਈ ਮੋਹਕਮ ਸਿੰਘ ਨੇ ਕਿਹਾ ਕਿ ਉਨ੍ਹਾਂ ਲਈ ਪਹਿਲਾਂ ਪੰਥ ਅਤੇ ਫਿਰ ਪੰਜਾਬ ਹੈ। ਉਸ ਤੋਂ ਬਾਅਦ ਪਾਰਟੀ ਅਤੇ ਰਾਜਨੀਤੀ।


Share