ਯੂਕ੍ਰੇਨ ’ਚ ਜ਼ਮੀਨ ਤੋਂ ਲੈ ਕੇ ਆਸਮਾਨ ਤਕ ਵਰ੍ਹ ਰਹੀ ਅੱਗ, ਹਰ ਪਾਸੇ ਖੌਫ਼ਨਾਕ ਮੰਜ਼ਰ

251
Share

ਯੂਕ੍ਰੇਨ, 25 ਫਰਵਰੀ (ਪੰਜਾਬ ਮੇਲ)- ਯੂਕ੍ਰੇਨ ‘ਤੇ ਰੂਸ ਦੇ ਹਮਲੇ ਤੋਂ ਇਕ ਦਿਨ ਬਾਅਦ ਸ਼ੁੱਕਰਵਾਰ ਨੂੰ ਰਾਜਧਾਨੀ ਕੀਵ ‘ਚ ਧਮਾਕਿਆਂ ਦੀਆਂ ਕਈ ਅਵਾਜ਼ਾਂ ਸੁਣਾਈ ਦਿੱਤੀਆਂ। ਰੂਸੀ ਫੌਜਾਂ ਨੇ ਦੂਜੇ ਦਿਨ ਵੀ ਹਮਲੇ ਜਾਰੀ ਰੱਖੇ ਹਨ। ਯੂਕ੍ਰੇਨ ਦੇ ਰਾਸ਼ਟਰਪਤੀ ਬਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਕਿ ਰੂਸ ਦੇ ਹਮਲੇ ਵਿਚ ਹੁਣ ਤੱਕ 137 ਨਾਗਰਿਕ ਅਤੇ ਫੌਜੀ ਜਵਾਨ ਮਾਰੇ ਗਏ ਹਨ। ਯੂਕ੍ਰੇਨ ਨਿਵਾਸੀਆਂ ਨੂੰ ਪਿਛਲੇ ਕਈ ਹਫਤਿਆਂ ਤੋਂ ਚੇਤਾਵਨੀ ਦਿੱਤੀ ਜਾ ਰਹੀ ਸੀ ਕਿ ਰੂਸ ਦੇ ਨਾਲ ਯੁੱਧ ਆਗਾਮੀ ਹੈ ਪਰ ਵੀਰਵਾਰ ਨੂੰ ਜਦੋ ਹਮਲਾ ਹੋਇਆ ਤਾਂ ਕਈ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਉਹ ਇਸ ‘ਤੇ ਕਿਵੇਂ ਪ੍ਰਤੀਕਿਰਿਆ ਕਰਨੀ ਹੈ। ਯੂਕ੍ਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ ਵਿਚ ਮਿਜ਼ਾਇਲ ਦੇ ਟੁਕੜਿਆਂ ਨੇ ਮਿਖਾਇਲ ਸ਼ਚਰਬਕੋਵ ਦੀ ਰਿਹਾਇਸ਼ ਦੀ ਛੱਤ ਨੂੰ ਨੁਕਸਾਨ ਪਹੁੰਚਾਇਆ। ਸ਼ਚਰਬਕੋਵ ਨੇ ਕਿਹਾ ਕਿ ਮੈਂ ਰੌਲਾ ਸੁਣਿਆ ਅਤੇ ਨੀਂਦ ਖੁੱਲ ਗਈ। ਮੈਨੂੰ ਅਹਿਸਾਸ ਹੋਇਆ ਕਿ ਇਹ ਤੋਪ ਨਾਲ ਦਾਗੇ ਗਏ ਗੋਲੇ ਦੀ ਆਵਾਜ਼ ਸੀ। ਸ਼ਚਰਬਕੋਵ ਤੁਰੰਤ ਆਪਣੀ ਮਾਂ ਨੂੰ ਜਗਾਉਣ ਦੇ ਲਈ ਗਏ ਅਤੇ ਫਿਰ ਨੇੜੇ ਕੁਝ ਧਮਾਕਾ ਹੋਇਆ। ਰਾਜਧਾਨੀ ਕੀਵ ਵਿਚ ਨਾਗਰਿਕ ਸੁਰੱਖਿਆ ਸਾਇਰਨ ਵਜ ਰਹੇ ਸਨ ਪਰ ਸ਼ਹਿਰ ਦੀਆਂ ਮੁੱਖ ਸੜਕਾ ਖ੍ਰੇਸ਼ਟਿਕ ‘ਤੇ ਚਿੰਤਾ ਅਤੇ ਡਰ ਦੇ ਨਾਲ ਸਧਾਰਣ ਸਥਿਤੀ ਦੀ ਮਿਲੀਜੁਲੀ ਪ੍ਰਤੀਕਿਰਿਆ ਦਿਖੀ। ਕੀਵ ਵਿਚ ਸਵੇਰ ਵਿਚ ਪੈਟਰੋਲ ਪੰਪ ‘ਤੇ ਕਾਰਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ, ਜਦਕਿ ਹੋਰ ਕਾਰਾਂ ਸ਼ਹਿਰ ਤੋਂ ਦੂਰ ਜਾਂਦੀਆਂ ਦਿਖੀਆਂ। ਖਾਰਕਿਵ ਦੀ ਇਕ ਨਿਵਾਸੀ ਸ਼ਾਸਾ ਨੇ ਕਿਹਾ ਕਿ ਅੱਜ ਮੇਰੇ ਜੀਵਨ ਦੀ ਸਭ ਤੋਂ ਖਰਾਬ ਸਵੇਰ ਸੀ। ਰੌਲਾ ਸੁਣ ਕੇ ਸ਼ਾਸਾ ਆਪਣੀ ਰਿਹਾਇਸ਼ ਦੀ ਬਾਲਕੋਨੀ ਵਿਚ ਗਈ ਅਤੇ ਪਤਾ ਚੱਲਿਆ ਕਿ ਇਹ ਪਟਾਕੇ ਦੀ ਆਵਾਜ਼ ਨਹੀਂ ਸੀ। ਯੂਕ੍ਰੇਨ ਦੀ ਪੂਰਬੀ ਸਰਹੱਦ ਤੋਂ ਦੂਰ ਕਈ ਸ਼ਹਿਰਾਂ ’ਚ ਧੂੰਏਂ ਦਾ ਗੁਬਾਰ ਉੱਠਦਾ ਦਿਖਿਆ। ਕੁਝ ਲੋਕ ਇਹ ਇਹ ਸਭ ਦੇਖ ਕੇ ਡਰ ਗਏ। ਕੀਵ ਦੇ ਇਕ ਨਿਵਾਸੀ ਨੇ ਕਿਹਾ, “ਮੈਂ ਨਹੀਂ ਡਰਦਾ। ਮੈਂ ਕੰਮ ’ਤੇ ਜਾ ਰਿਹਾ ਹਾਂ। ਸਿਰਫ ਅਸਾਧਾਰਨ ਗੱਲ ਇਹ ਹੈ ਕਿ ਤੁਹਾਨੂੰ ਕੀਵ ’ਚ ਟੈਕਸੀ ਨਹੀਂ ਮਿਲ ਸਕਦੀ।’’ ਜਿਸ ਹੋਟਲ ’ਚ ‘ਐਸੋਸੀਏਟਿਡ ਪ੍ਰੈੱਸ’ ਦੇ ਕਈ ਪੱਤਰਕਾਰ ਠਹਿਰੇ ਹੋਏ ਸਨ, ਉਥੇ ਉਨ੍ਹਾਂ ਨੂੰ 30 ਮਿੰਟਾਂ ਦੇ ਅੰਦਰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ। ਬਾਹਰ, ਮਹਿਮਾਨਾਂ ਨੇ ਕਾਹਲੀ ਨਾਲ ਆਪਣਾ ਸਾਮਾਨ ਕਾਰਾਂ ’ਚ ਲੱਦ ਲਿਆ, ਜਦਕਿ ਕੁਝ ਰਾਹਗੀਰ ਨੇ ਉਨ੍ਹਾਂ ਨਾਲ ਹੱਥ ਮਿਲਾਇਆ। ਸ਼ਹਿਰ ਦੇ ਬਾਹਰੀ ਇਲਾਕਿਆਂ ’ਚ ਕੁਝ ਲੋਕ ਵਿਸਫੋਟ ਦੀ ਆਵਾਜ਼ ਨਾਲ ਜਾਗ ਗਏ ਸਨ ਪਰ ਬਾਕੀਆਂ ਨੇ ਕੋਈ ਆਵਾਜ਼ ਨਹੀਂ ਸੁਣੀ। ਅਜ਼ੋਵ ਸਾਗਰ ਨਾਲ ਲੱਗਦੇ ਬੰਦਰਗਾਹ ਸ਼ਹਿਰ ਮਾਰੀਉਪੋਲ ’ਚ ਪੱਤਰਕਾਰਾਂ ਨੇ ਸੰਜਮ ਅਤੇ ਡਰ ਦੇ ਦ੍ਰਿਸ਼ ਦੇਖੇ। ਲੋਕ ਬੱਸ ਸਟਾਪ ’ਤੇ ਇੰਤਜ਼ਾਰ ਕਰ ਰਹੇ ਸਨ, ਜਿਵੇਂ ਕਿ ਉਹ ਕੰਮ ’ਤੇ ਜਾ ਰਹੇ ਸਨ, ਜਦਕਿ ਦੂਸਰੇ ਸ਼ਹਿਰ ਛੱਡਣ ਦੀ ਕਾਹਲੀ ’ਚ ਆਪਣੀਆਂ ਕਾਰਾਂ ’ਚ ਸਨ। ਦਿਨ ਚੜ੍ਹਦੇ ਹੀ ਯੂਕ੍ਰੇਨ ਦੇ ਹੋਰ ਸ਼ਹਿਰਾਂ ’ਚ ਸਾਇਰਨ ਵੱਜਣ ਲੱਗੇ। ਲੋਕ ਕਰਿਆਨੇ ਦੀਆਂ ਦੁਕਾਨਾਂ ਅਤੇ ਏ.ਟੀ.ਐੱਮਜ਼ ’ਤੇ ਪਹੁੰਚਣੇ ਸ਼ੁਰੂ ਹੋ ਗਏ ਅਤੇ ਜ਼ਰੂਰੀ ਵਸਤੂਆਂ ਨੂੰ ਇਕੱਠਾ ਕਰਨ ਲਈ ਭੱਜ ਦੌੜ ਕਰ ਰਹੇ ਸਨ। ਕੀਵ ਦੇ ਮੇਅਰ ਵਿਟਾਲੀ ਕਲਿਟਸਕੋ ਨੇ ਸ਼ਹਿਰ ਦੇ 30 ਲੱਖ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਦਵਾਈਆਂ ਅਤੇ ਸ਼ਨਾਖਤੀ ਦਸਤਾਵੇਜ਼ ਵਰਗੀਆਂ ਜ਼ਰੂਰੀ ਵਸਤਾਂ ਸਮੇਤ ਆਪਣੇ ਬੈਗ ਤਿਆਰ ਰੱਖਣ ਲਈ ਵੀ ਕਿਹਾ। ਸੰਕਟ ਵਧਣ ਦੇ ਨਾਲ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਪਿਛਲੇ ਕਈ ਹਫ਼ਤਿਆਂ ਤੋਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਨਾ ਘਬਰਾਉਣ ਦੀ ਬਜਾਏ ਅਪੀਲ ਕਰ ਰਹੇ ਸਨ। ਜ਼ੇਲੇਂਸਕੀ ਨੇ ਕਿਹਾ ਸੀ ਕਿ ਹਫੜਾ ਦਫੜੀ ਦਿਖਾਉਣ ਨਾਲ ਰੂਸ ਨੂੰ ਹੀ ਫਾਇਦਾ ਹੋਵੇਗਾ, ਜਿਸ ਨੇ ਯੂਕ੍ਰੇਨ ਦੀਆਂ ਸਰਹੱਦਾਂ ’ਤੇ 150,000 ਸੈਨਿਕਾਂ ਨੂੰ ਲਾਮਬੰਦ ਕੀਤਾ ਹੋਇਆ ਸੀ। ਰਾਸ਼ਟਰਪਤੀ ਜ਼ੇਲੇਂਸਕੀ ਨੇ ਵੀਰਵਾਰ ਨੂੰ ਜਿਵੇਂ ਹੀ ਦੇਸ਼ ਵਿਚ ‘ਮਾਰਸ਼ਲ ਲਾਅ’ ਲਾਉਣ ਦਾ ਐਲਾਨ ਕੀਤਾ, ਯੂਕ੍ਰੇਨ ਦੇ ਲੋਕਾਂ ਨੂੰ ਲੱਗਾ ਕਿ ਸਭ ਕੁਝ ਬਦਲ ਸਕਦਾ ਹੈ। ਕੀਵ ਦੀ ਰਹਿਣ ਵਾਲੀ ਐਲਿਜ਼ਾਵੇਟਾ ਮੇਲਨਿਕ ਨੇ ਕਿਹਾ, “ਮੈਂ ਘਬਰਾ ਗਈ, ਡਰੀ ਹੋਈ ਹਾਂ। ਮੈਨੂੰ ਨਹੀਂ ਪਤਾ ਕਿ ਕਿਸ ਤੋਂ ਮਦਦ ਮੰਗਣੀ ਚਾਹੀਦੀ। ਸਾਨੂੰ ਵਿਸ਼ਵਾਸ ਨਹੀਂ ਸੀ ਕਿ ਇਹ ਸਥਿਤੀ ਆਵੇਗੀ।’’


Share