ਯੂਕੇ ’ਚ ਸ਼ਰਨ ਲੈਣ ਵਾਲੇ ਭਾਰਤੀ ਭਗੌੜਿਆਂ ਬਾਰੇ ਨਵੀਂ ਕਿਤਾਬ

429
Share

ਲੰਡਨ, 22 ਮਾਰਚ (ਪੰਜਾਬ ਮੇਲ)- ਭਾਰਤ ਨੂੰ ਸਪੁਰਦਗੀ/ਹਵਾਲਗੀ ਦੀਆਂ ਕੋਸ਼ਿਸ਼ਾਂ ਨਾਲ ਸਬੰਧਤ ਕੁਝ ਹਾਈ-ਪ੍ਰੋਫਾਈਲ ਕੇਸਾਂ ਤੇ ਕੁਝ ਅਜਿਹੇ ਕੇਸ ਜਿਨ੍ਹਾਂ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਤੇ ਭਾਰਤ ਵਿੱਚ ਕਾਨੂੰਨੀ ਦਾਅਪੇਚ ਤੋਂ ਬਚਣ ਲਈ ਯੂਕੇ ਨੂੰ ਕਿਉਂ ਸਭ ਤੋਂ ਸੁਰੱਖਿਅਤ ਥਾਂ ਮੰਨਿਆ ਜਾਂਦਾ ਹੈ, ਅਜਿਹੇ ਹੀ ਕੁਝ ਹੋਰ ਅਹਿਮ ਤੱਥਾਂ ਤੋਂ ਪਰਦਾ ਚੁੱਕਦੀ ਹੈ ‘ਐਸਕੇਪਡ: ਟਰੂ ਸਟੋਰੀਜ਼ ਆਫ਼ ਇੰਡੀਅਨ ਫਿਊਜੀਟਿਵਜ਼ ਇਨ ਲੰਡਨ’ ਨਾਂ ਦੀ ਨਵੀਂ ਕਿਤਾਬ। ਇਸ ਕਿਤਾਬ ਵਿੱਚ 12 ਅਜਿਹੇ ਕੇਸਾਂ ਦਾ ਜ਼ਿਕਰ ਹੈ, ਜਿਨ੍ਹਾਂ ਵਿੱਚ ਬੈਂਕਾਂ ਨਾਲ ਧੋਖਾਧੜੀ ਤੇ ਕਤਲ ਜਿਹੇ ਅਪਰਾਧਾਂ ਲਈ ਭਾਰਤ ਵਿੱਚ ਲੋੜੀਂਦੇ ਮੁਲਜ਼ਮ ਯੂਕੇ ਵਿੱਚ ਜਾ ਲੁਕੇ ਹਨ। ਲੰਡਨ ਅਧਾਰਿਤ ਪੱਤਰਕਾਰਾਂ ਤੇ ਖੋਜਾਰਥੀਆਂ ਦਾਨਿਸ਼ ਤੇ ਰੂਹੀ ਖ਼ਾਨ ਵੱਲੋਂ ਲਿਖੀ ਇਸ ਕਿਤਾਬ ਵਿੱਚ ਕਿੰਗਫ਼ਿਸ਼ਰ ਏਅਰਲਾਈਨ ਦੇ ਸਾਬਕਾ ਬੌਸ ਵਿਜੈ ਮਾਲਿਆ ਤੇ ਹੀਰਾ ਵਪਾਰੀ ਨੀਰਵ ਮੋਦੀ, ਜੋ ਧੋਖਾਧੜੀ ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਭਾਰਤ ਵਿੱਚ ਲੋੜੀਂਦੇ ਹਨ, ਦਾ ਵੀ ਜ਼ਿਕਰ ਹੈ। ਕਿਤਾਬ ਵਿੱਚ ਭਾਰਤੀ ਜਲਸੈਨਾ ਦੇ ਸਾਬਕਾ ਅਧਿਕਾਰੀ ਰਵੀ ਸ਼ੰਕਰਨ ਤੇ ਸੰਗੀਤਸਾਜ਼ ਨਦੀਮ ਸੈਫ਼ੀ ਜਿਹੇ ਕੁਝ ਇਤਿਹਾਸਕ ਕੇਸਾਂ ਦਾ ਵੇਰਵਾ ਵੀ ਦਰਜ ਹੈ।

ਦਾਨਿਸ਼ ਖ਼ਾਨ ਨੇ ਕਿਹਾ ਕਿ ਇਨ੍ਹਾਂ 12 ਕੇਸਾਂ ਨੂੰ ਦੋਸ਼ਾਂ ਦੀ ਮਹੱਤਤਾ ਤੇ ਸੁਣਵਾਈ ਦੌਰਾਨ ਹੋਈ ਦਿਲਚਸਪ ਜ਼ਿਰ੍ਹਾ ਤੇ ਫੈਸਲਿਆਂ ਦੌਰਾਨ ਕੀਤੀਆਂ ਗਈਆਂ ਟਿੱਪਣੀਆਂ ਦੇ ਅਧਾਰ ’ਤੇ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘ਅਸੀਂ ਸਪੁਰਦਗੀ/ਹਵਾਲਗੀ ਨਾਲ ਸਬੰਧਤ ਕੇਸਾਂ ਦਾ ਬਹੁੁਤ ਵਿਸਥਾਰ ’ਚ ਅਧਿਐਨ ਕੀਤਾ ਸੀ। ਕਿਤਾਬ ਦੇ ਆਖਰੀ ਅਧਿਆਏ ਵਿੱਚ ਹਵਾਲਗੀ ਦੇ ਅਮਲ ਨਾਲ ਜੁੜੇ ਸਿਧਾਂਤਾਂ ਦੀ ਬਿਹਤਰ ਸਮਝ ਵਿਕਸਤ ਕਰਨ ਲਈ ਜਿੱਥੇ ਮਾਹਿਰਾਂ ਨਾਲ ਲੰਮੀਆਂ ਇੰਟਰਵਿਊਜ਼ ਕੀਤੀਆਂ ਞਈਆਂ, ਉਥੇ ਕੇਸ ਨਾਲ ਜੁੜੇ ਕਾਨੂੰਨਾਂ ਤੇ ਸੰਸਦੀ ਰਿਪੋਰਟਾਂ ਦੀ ਵੀ ਮਦਦ ਲਈ ਗਈ।

ਇਸ ਜੋੜੇ ਨੇ ਕਿਹਾ ਕਿ ਉਨ੍ਹਾਂ ਪੱਤਰਕਾਰ ਵਜੋਂ ਲੰਡਨ ਵਿੱਚ ਹਾਲੀਆ ਕੋਰਟ ਕੇਸਾਂ ਨੂੰ ਕਵਰ ਕਰਦਿਆਂ 1950ਵਿਆਂ ਨਾਲ ਸਬੰਧਤ ਪੁਰਾਣੇ ਕੇਸਾਂ ਦੀ ਸਮੀਖਿਆ ਲਈ ਬਰਤਾਨਵੀ ਪੁਰਾਤਨ ਹੱਥ ਲਿਖਤਾਂ ਤੇ ਖਰੜਿਆਂ ਦਾ ਵੀ ਅਧਿਐਨ ਕੀਤਾ, ਜਿਨ੍ਹਾਂ ਦਾ ਭਾਰਤ-ਯੂਕੇ ਹਵਾਲਗੀ ਨੀਤੀ ’ਤੇ ਵੱਡਾ ਅਸਰ ਸੀ। ਕਿਤਾਬ ਵਿੱਚ ਅੰਡਰਵਰਲਡ ਸਰਗਨੇ ਦਾਊਦ ਇਬਰਾਹਿਮ ਦੇ ਅਹਿਮ ਲਫਟੈਨ ਇਕਬਾਲ ਮਿਰਚੀ ਦੀ ਹਵਾਲਗੀ ਨਾਲ ਜੁੜੇ ਕੇਸ ਦਾ ਵੀ ਵੇਰਵਾ ਹੈ। 


Share