ਯੂਕਰੇਨ ਹੁਣ ਨਾਟੋ ਦੀ ਮੈਂਬਰਸ਼ਿਪ ਦੀ ਮੰਗ ਨਹੀਂ ਕਰੇਗਾ : ਜ਼ੇਲੈਂਸਕੀ

308
Share

ਮਾਸਕੋ, 10 ਮਾਰਚ (ਪੰਜਾਬ ਮੇਲ)-ਯੂਕਰੇਨੀ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੈਂਸਕੀ ਦੇ ਤੇਵਰ ਨਰਮ ਹੁੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਸਪੱਸ਼ਟ ਕਹਿ ਦਿੱਤਾ ਹੈ ਕਿ ਯੂਕਰੇਨ ਹੁਣ ਨਾਟੋ ਦੀ ਮੈਂਬਰਸ਼ਿਪ ਦੀ ਮੰਗ ਨਹੀਂ ਕਰੇਗਾ। ਅਮਰੀਕੀ ਮੀਡੀਆ ਨੂੰ ਦਿੱਤੇ ਗਏ ਇੰਟਰਵਿਊ ’ਚ ਇਸ ਦੇ ਸੰਕੇਤ ਮਿਲੇ ਹਨ। ਰੂਸ ਦੇ ਹਮਲਾਵਰ ਰਵੱਈਏ ਨੂੰ ਵੇਖਦੇ ਹੋਏ ਜ਼ੇਲੈਂਸਕੀ ਨੇ ਕਿਹਾ, ‘‘ਉਨ੍ਹਾਂ ਦਾ ਦੇਸ਼ ਨਾਟੋ ’ਚ ਸ਼ਾਮਲ ਹੋਣ ’ਤੇ ਜ਼ੋਰ ਨਹੀਂ ਦੇਵੇਗਾ।’’ ਉਨ੍ਹਾਂ ਇਹ ਵੀ ਕਿਹਾ, ‘‘ਨਾਟੋ ਉਨ੍ਹਾਂ ਨੂੰ ਹੁਣ ਨਹੀਂ ਚਾਹੁੰਦਾ।’’ ਨਾਲ ਹੀ ਉਨ੍ਹਾਂ ਨੇ ਡੋਨੇਸਕ ਅਤੇ ਲੁਹਾਂਸਕ ਸਮਝੌਤੇ ’ਤੇ ਵੀ ਵਿਚਾਰ ਦੇ ਸੰਕੇਤ ਦਿੱਤੇ ਹਨ।
ਉੱਥੇ ਹੀ ਜੰਗਬੰਦੀ ਨੂੰ ਲੈ ਕੇ 3 ਦੌਰ ਦੀ ਗੱਲਬਾਤ ਦੇ ਬਾਵਜੂਦ ਰੂਸ ਦੇ ਤੇਵਰ ਨਰਮ ਨਹੀਂ ਹੋ ਰਹੇ ਹਨ। ਬੁੱਧਵਾਰ ਨੂੰ ਰੂਸ ਨੇ ਅਮਰੀਕਾ ਅਤੇ ਪੋਲੈਂਡ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਸ ਨੇ ਯੂਕ੍ਰੇਨ ਨੂੰ ਜੈੱਟ ਜਹਾਜ਼ ਮੁਹੱਈਆ ਕਰਵਾਏ, ਤਾਂ ਉਨ੍ਹਾਂ ਨੂੰ ਅੰਜਾਮ ਭੁਗਤਣਾ ਪਵੇਗਾ। ਰੂਸ ਨੇ ਇਸ ਤੋਂ ਇਲਾਵਾ ਕਿਹਾ ਕਿ ਨਾਟੋ ਦਾ ਅਸਲ ਮਕਸਦ ਉਸ ਨੂੰ ਰੋਕਣਾ ਹੈ। ਨਾਲ ਹੀ ਰੂਸੀ ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਅਸੀਂ ਨਾਟੋ ਨੂੰ ਮੂੰਹਤੋੜ ਜਵਾਬ ਦੇਵਾਂਗੇ। ਰੂਸ ਨੇ ਦਾਅਵਾ ਕੀਤਾ ਹੈ ਕਿ ਪੂਰਬੀ ਹਿੱਸੇ ’ਚ ਨਾਟੋ ਦੀ ਫੌਜ ਜੁੜ ਰਹੀ ਹੈ। ਰੂਸ ਨੇ ਨਾਟੋ ਦੇ ਇਸ ਕਦਮ ਨੂੰ ਭੜਕਾਊ ਦੱਸਿਆ ਹੈ।

Share