ਯੂਕਰੇਨ ਸੰਕਟ: ਖਾਰਕੀਵ ’ਚ ਰੂਸੀ ਫੌਜ ਵੱਲੋਂ ਕੀਤੀ ਗੋਲਾਬਾਰੀ ਦੌਰਾਨ ਭਾਰਤੀ ਵਿਦਿਆਰਥੀ ਦੀ ਮੌਤ

149
ਯੂਕਰੇਨ ’ਚ ਰੂਸੀ ਗੋਲਾਬਾਰੀ ’ਚ ਮਾਰੇ ਗਏ ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਨੂੰ ਸ਼ਰਧਾਂਜਲੀ ਦੇਣ ਮੌਕੇ ਨਵੀਂ ਦਿੱਲੀ ’ਚ ਬਾਲੀਆਂ ਮੋਮਬੱਤੀਆਂ।
Share

* ਕਰਨਾਟਕ ਦੇ ਨਵੀਨ ਸ਼ੇਖਰੱਪਾ ਵਜੋਂ ਹੋਈ ਪਛਾਣ; ਕਰਿਆਨੇ ਦੀ ਦੁਕਾਨ ਦੇ ਬਾਹਰ ਵਾਰੀ ਦੀ ਉਡੀਕ ’ਚ ਖੜ੍ਹਾ ਸੀ
– ਖਾਰਕੀਵ ਦੀ ਕੌਮੀ ਮੈਡੀਕਲ ਯੂਨੀਵਰਸਿਟੀ ’ਚ ਚੌਥੇ ਸਾਲ ਦਾ ਵਿਦਿਆਰਥੀ ਸੀ
– ਪ੍ਰਧਾਨ ਮੰਤਰੀ ਵੱਲੋਂ ਪੀੜਤ ਵਿਦਿਆਰਥੀ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ
– ਭਾਰਤ ਨੇ ਰੂਸ ਅਤੇ ਯੂਕਰੇਨ ਦੇ ਰਾਜਦੂਤਾਂ ਨੂੰ ਸੱਦ ਕੇ ਨਾਗਰਿਕਾਂ ਲਈ ‘ਸੁਰੱਖਿਅਤ ਲਾਂਘਾ’ ਮੰਗਿਆ
ਨਵੀਂ ਦਿੱਲੀ, 2 ਮਾਰਚ (ਪੰਜਾਬ ਮੇਲ)- ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ’ਚ ਰੂਸੀ ਫੌਜ ਵੱਲੋਂ ਕੀਤੀ ਗੋਲਾਬਾਰੀ ’ਚ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਵਿਦਿਆਰਥੀ ਦੀ ਪਛਾਣ ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਦੇ ਨਵੀਨ ਸ਼ੇਖਰੱਪਾ ਗਿਆਨਗੌਦਰ (20) ਵਜੋਂ ਦੱਸੀ ਗਈ ਹੈ, ਜੋ ਖਾਰਕੀਵ ਦੀ ਕੌਮੀ ਮੈਡੀਕਲ ਯੂਨੀਵਰਸਿਟੀ ’ਚ ਚੌਥੇ ਸਾਲ ਦਾ ਵਿਦਿਆਰਥੀ ਸੀ। ਇਸ ਦੌਰਾਨ ਭਾਰਤ ਦੇ ਵਿਦੇਸ਼ ਸਕੱਤਰ ਨੇ ਰੂਸ ਤੇ ਯੂਕਰੇਨ ਦੇ ਰਾਜਦੂਤਾਂ ਨੂੰ ਸੱਦ ਕੇ ਯੂਕਰੇਨ ’ਚ ਫਸੇ ਭਾਰਤੀ ਨਾਗਰਿਕਾਂ ਲਈ ‘ਸੁਰੱਖਿਅਤ ਲਾਂਘੇ’ ਦੀ ਆਪਣੀ ਮੰਗ ਦੁਹਰਾਈ ਹੈ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ, ‘‘ਡੂੰਘੇ ਦੁੱਖ ਨਾਲ ਅਸੀਂ ਪੁਸ਼ਟੀ ਕਰਦੇ ਹਾਂ ਕਿ ਖਾਰਕੀਵ ਵਿਚ ਗੋਲੀਬਾਰੀ ’ਚ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਮੰਤਰਾਲਾ ਉਸ ਦੇ ਪਰਿਵਾਰ ਦੇ ਸੰਪਰਕ ਵਿਚ ਹੈ। ਅਸੀਂ ਪਰਿਵਾਰ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦੇ ਹਾਂ।’’ ਕਰਨਾਟਕ ਰਾਜ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਕਮਿਸ਼ਨਰ ਮਨੋਜ ਰਾਜਨ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਨਵੀਨ ਸ਼ੇਖਰੱਪਾ ਗਿਆਨਾਗੌਦਰ ਨਾਂ ਦਾ ਵਿਦਿਆਰਥੀ, ਜੋ ਹਾਵੇਰੀ ਜ਼ਿਲ੍ਹੇ ਦੇ ਚਾਲਾਗੇਰੀ ਦਾ ਜੱਦੀ ਵਸਨੀਕ ਸੀ, ਖਾਰਕੀਵ ’ਚ ਗੋਲੀਬਾਰੀ ਦੌਰਾਨ ਮਾਰਿਆ ਗਿਆ।’’
1. ਖਾਰਕੀਵ ’ਚ ਤਬਾਹ ਹੋਈ ਸਿਟੀ ਹਾਲ ਦੀ ਇਮਾਰਤ ’ਚ ਜਾਂਚ ਕਰਦੇ ਹੋਏ ਐਮਰਜੈਂਸੀ ਸੇਵਾਵਾਂ ਦੇ ਮੁਲਾਜ਼ਮ।

ਇਸ ਦੌਰਾਨ ਇਕ ਖ਼ਬਰ ਚੈਨਲ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਨਵੀਨ ਨਾਲ ਹੋਸਟਲ ਵਿਚ ਰਹਿੰਦੇ ਸ੍ਰੀਧਰਨ ਗੋਪਾਲਾਕਿ੍ਰਸ਼ਨਨ ਨੇ ਦੱਸਿਆ ਕਿ ‘ਨਵੀਨ ਦੀ ਯੂਕਰੇਨੀਅਨ ਸਮੇਂ ਅਨੁਸਾਰ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਗੋਲੀਆਂ ਲੱਗਣ ਕਰਕੇ ਮੌਤ ਹੋਈ। ਨਵੀਨ ਇਕ ਕਰਿਆਨੇ ਦੀ ਦੁਕਾਨ ਬਾਹਰ ਕਤਾਰ ਵਿਚ ਖੜ੍ਹਾ ਸੀ, ਜਦੋਂ ਰੂਸੀ ਫੌਜ ਨੇ ਲੋਕਾਂ ’ਤੇ ਗੋਲੀਆਂ ਚਲਾਈਆਂ। ਸਾਨੂੰ ਉਸ ਦੀ ਮਿ੍ਰਤਕ ਦੇਹ ਬਾਰੇ ਕੁਝ ਨਹੀਂ ਪਤਾ। ਸਾਡੇ ’ਚੋਂ ਕੋਈ ਵੀ ਹਸਪਤਾਲ ਨਹੀਂ ਜਾ ਸਕਿਆ, ਜਿੱਥੇ ਉਸ ਦੀ ਮਿ੍ਰਤਕ ਦੇਹ ਰੱਖੀ ਹੋ ਸਕਦੀ ਹੈ।’’ ਉਧਰ ਖਾਰਕੀਵ ਵਿਚ ਵਿਦਿਆਰਥੀ ਕੋਆਰਡੀਨੇਟਰ ਪੂਜਾ ਪ੍ਰਹਾਰਾਜ ਨੇ ਕਿਹਾ ਕਿ ਨਵੀਨ ਖਾਣਾ ਲੈਣ ਲਈ ਬਾਹਰ ਗਿਆ ਸੀ ਤੇ ਉਹ ਗਵਰਨਰ ਹਾਊਸ ਦੇ ਪਿਛਲੇ ਪਾਸੇ ਰਹਿੰਦਾ ਸੀ। ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਦੇਸ਼ ਸਕੱਤਰ ਨੇ ਰੂਸ ਤੇ ਯੂਕਰੇਨ ਦੇ ਰਾਜਦੂਤਾਂ ਨੂੰ ਸੱਦ ਕੇ ਖਾਰਕੀਵ ਤੇ ਹੋਰਨਾਂ ਸ਼ਹਿਰਾਂ ਵਿਚ ਗੋਲਾਬਾਰੀ ਦੀ ਜ਼ੱਦ ਵਿਚ ਆਏ ਭਾਰਤੀ ਨਾਗਰਿਕਾਂ ਨੂੰ ‘ਫੌਰੀ ਸੁਰੱਖਿਅਤ ਲਾਂਘਾ’ ਦੇਣ ਦੀ ਮੰਗ ਦੁਹਰਾਈ ਹੈ। ਮੰਤਰਾਲੇ ਨੇ ਕਿਹਾ ਕਿ ਰੂਸ ਤੇ ਯੂਕਰੇਨ ਵਿਚਲੇ ਸਾਡੇ ਰਾਜਦੂਤਾਂ ਵੱਲੋਂ ਸਬੰਧਤ ਅਥਾਰਿਟੀਜ਼ ਕੋਲ ਇਹੀ ਮੰਗ ਕੀਤੀ ਗਈ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਖਾਰਕੀਵ ਵਿਚ ਨਿੱਤ ਵਿਗੜਦੇ ਹਾਲਾਤ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਸ਼ਹਿਰ ਵਿਚ ਫਸੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਤੇ ਸਲਾਮਤੀ ਸਰਕਾਰ ਦੀ ਸਿਖਰਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਲਾਂਘਾ ਮੁਹੱਈਆ ਕਰਵਾਉਣ ਸਬੰਧੀ ਰੂਸੀ ਤੇ ਯੂਕਰੇਨੀ ਅੰਬੈਸੀਆਂ ’ਤੇ ‘ਦਬਾਅ’ ਪਾ ਰਿਹਾ ਹੈ। ਸੂਤਰ ਨੇ ਕਿਹਾ, ‘‘ਯੂਕਰੇਨੀ ਸਰਹੱਦ ਦੇ ਬਿਲਕੁਲ ਨੇੜੇ ਰੂਸੀ ਸ਼ਹਿਰ ਬੈਲਗੋਰੋਡ ’ਚ ਭਾਰਤੀ ਟੀਮ ਮੌਜੂਦ ਹੈ, ਪਰ ਖਾਰਕੀਵ ਤੇ ਨੇੇੜਲੇ ਸ਼ਹਿਰਾਂ ਵਿਚ ਬਣੇ ਮੁਸ਼ਕਲ ਹਾਲਾਤ ਅੜਿੱਕਾ ਬਣ ਰਹੇ ਹਨ।’’ ਚਾਰ ਕੇਂਦਰੀ ਮੰਤਰੀ ਯੂਕਰੇਨ ’ਚੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਦੇ ਅਮਲ ਨੂੰ ਤੇਜ਼ ਕਰਨ ਤੇ ਇਸ ਦੀ ਨਿਗਰਾਨੀ ਲਈ ਪਹਿਲਾਂ ਹੀ ਯੂਕਰੇਨ ਦੀਆਂ ਸਰਹੱਦਾਂ ਨਾਲ ਲੱਗਦੇ ਯੂੁਰਪੀ ਮੁਲਕਾਂ ’ਚ ਪੁੱਜ ਚੁੱਕੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਗ ਦੇ ਝੰਬੇ ਯੂਕਰੇਨ ’ਚ ਗੋਲੀਬਾਰੀ ਦੀ ਜ਼ੱਦ ਵਿਚ ਆ ਕੇ ਮੌਤ ਦੇ ਮੂੰਹ ਪਏ ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਗਿਆਨਗੌਦਰ ਦੇ ਪਿਤਾ ਨਾਲ ਗੱਲਬਾਤ ਕਰਕੇ ਪਰਿਵਾਰ ਨਾਲ ਦੁੱਖ ਵੰਡਾਇਆ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਮੋਦੀ ਨੇ ਇਸ ਸ਼ੋਕਮਈ ਘਟਨਾ ਲਈ ਪਰਿਵਾਰ ਨਾਲ ਸੰਵੇਦਨਾਵਾਂ ਜ਼ਾਹਿਰ ਕੀਤੀਆਂ। ਉਧਰ ਯੂਰਪੀਅਨ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਕੇ ਯੂਕਰੇਨੀ ਸ਼ਹਿਰ ਖਾਰਕੀਵ ਵਿਚ ਭਾਰਤੀ ਵਿਦਿਆਰਥੀ ਦੀ ਮੌਤ ’ਤੇ ਦੁੱਖ ਦਾ ਇਜ਼ਹਾਰ ਕੀਤਾ। ਮਿਸ਼ੇਲ ਨੇ ਕਿਹਾ ਕਿ ਯੂਰਪੀਅਨ ਮੁਲਕਾਂ ਵੱਲੋਂ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਕੁੱਲ ਆਲਮ ਨੂੰ ਕੌਮਾਂਤਰੀ ਕਾਨੂੰਨਾਂ ਦੀ ਸਲਾਮਤੀ ਲਈ ਮਿਲ ਕੇ ਖੜ੍ਹਨਾ ਚਾਹੀਦਾ ਹੈ। ਨਵੀਂ ਦਿੱਲੀ ਸਥਿਤ ਅਮਰੀਕੀ ਤੇ ਫਰਾਂਸੀਸੀ ਦੂਤਾਵਾਸ ਨੇ ਵੀ ਭਾਰਤੀ ਵਿਦਿਆਰਥੀ ਦੀ ਮੌਤ ’ਤੇ ਡੂੰਘਾ ਦੁੱਖ ਜ਼ਾਹਿਰ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤੀ ਵਿਦਿਆਰਥੀ ਦੀ ਮੌਤ ’ਤੇ ਸੋਗ ਪ੍ਰਗਟ ਕੀਤਾ ਤੇ ਯੂਕਰੇਨ ’ਚ ਫਸੇ ਭਾਰਤੀਆਂ ਦੀ ਸੁਰੱਖਿਆ ਲਈ ਪ੍ਰਾਰਥਨਾ ਕੀਤੀ। ਯੂਕਰੇਨੀ ਸਫੀਰ ਇਗੋਰ ਪੋਲੀਖਾ ਨੇ ਵੀ ਦੁਖ ਪ੍ਰਗਟਾਇਆ ਹੈ।
ਮਿ੍ਰਤਕ ਦੇ ਪਿਤਾ ਦਾ ਦੋਸ਼: ਅੰਬੈਸੀ ’ਚੋਂ ਕਿਸੇ ਨੇ ਵੀ ਖਾਰਕੀਵ ’ਚ ਫਸੇ ਵਿਦਿਆਰਥੀਆਂ ਨਾਲ ਨਹੀਂ ਕੀਤਾ ਰਾਬਤਾ
ਹਾਵੇਰੀ: ਰੂਸ ਵੱਲੋਂ ਯੂਕਰੇਨ ’ਤੇ ਕੀਤੇ ਹਮਲੇ ਦੌਰਾਨ ਗੋਲਾਬਾਰੀ ’ਚ ਮਾਰੇ ਗਏ ਕਰਨਾਟਕ ਦੇ ਵਿਦਿਆਰਥੀ ਨਵੀਨ ਸ਼ੇਖਰੱਪਾ ਦੇ ਪਿਤਾ ਗਿਆਨਗੌਦਰ ਨੇ ਦੋਸ਼ ਲਾਇਆ ਕਿ ਯੂਕਰੇਨ ਦੇ ਖਾਰਕੀਵ ’ਚ ਫਸੇ ਭਾਰਤੀ ਵਿਦਿਆਰਥੀਆਂ ਨਾਲ ਭਾਰਤੀ ਅੰਬੈਸੀ ’ਚੋਂ ਕਿਸੇ ਨੇ ਵੀ ਰਾਬਤਾ ਨਹੀਂ ਕੀਤਾ। ਨਵੀਨ ਦੇ ਚਾਚਾ ਉੱਜਨਗੌੜਾ ਨੇ ਦਾਅਵਾ ਕੀਤਾ ਕਿ ਉਸ ਦਾ ਭਤੀਜਾ ਹੋਰਨਾਂ ਵਿਦਿਆਰਥੀਆਂ ਨਾਲ ਖਾਰਕੀਵ ਦੇ ਇਕ ਬੰਕਰ ਵਿਚ ਫਸਿਆ ਹੋਇਆ ਸੀ। ਉਹ ਸਵੇਰੇ ਕਰੰਸੀ ਬਦਲਾਉਣ ਤੇ ਖਾਣ-ਪੀਣ ਦਾ ਸਾਮਾਨ ਲੈਣ ਲਈ ਗਿਆ ਸੀ ਕਿ ਗੋਲੀਬਾਰੀ ਦੀ ਜ਼ੱਦ ਵਿਚ ਆਉਣ ਕਰਕੇ ਉਸ ਦੀ ਮੌਤ ਹੋ ਗਈ। ਉੱਜਨਗੌੜਾ ਨੇ ਕਿਹਾ ਕਿ ਅਜੇ ਮੰਗਲਵਾਰ ਸਵੇਰੇ (ਯੂਕਰੇਨੀ ਸਮੇਂ ਅਨੁਸਾਰ) ਹੀ ਨਵੀਨ ਨੇ ਆਪਣੇ ਪਿਤਾ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਬੰਕਰ ਵਿਚ ਖਾਣ-ਪੀਣ ਲਈ ਕੁਝ ਨਹੀਂ ਹੈ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਬਸਵਰਾਜ ਬੋਮੱਈ ਨੇ ਪੀੜਤ ਪਰਿਵਾਰ ਨੂੰ ਫੋਨ ਕਰਕੇ ਆਪਣੀ ਸੰਵੇਦਨਾ ਜ਼ਾਹਿਰ ਕੀਤੀ ਹੈ।
ਭਾਰਤੀ ਅੰਬੈਸੀ ਨੇ ਭਾਰਤੀ ਨਾਗਰਿਕਾਂ ਨੂੰ ਜਾਰੀ ਐਡਵਾਈਜ਼ਰੀ ’ਚ ਕੀਵ ਛੱਡਣ ਲਈ ਆਖਿਆ ਸੀ
ਇਸ ਤੋਂ ਪਹਿਲਾਂ ਯੂਕਰੇਨ ਵਿਚਲੀ ਭਾਰਤੀ ਅੰਬੈਸੀ ਨੇ ਇਕ ਨਵੀਂ ਐਡਵਾਈਜ਼ਰੀ ਵਿਚ ਉਥੇ ਫਸੇ ਭਾਰਤੀ ਨਾਗਰਿਕਾਂ ਨੂੰ ਫੌਰੀ ਰਾਜਧਾਨੀ ਕੀਵ ਛੱਡਣ ਲਈ ਆਖਿਆ ਸੀ। ਅੰਬੈਸੀ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਟਰੇਨ ਜਾਂ ਆਵਾਜਾਈ ਦਾ ਕੋਈ ਵੀ ਹੋਰ ਸਾਧਨ ਲੈ ਕੇ ਫੌਰੀ ਕੀਵ ਛੱਡ ਦੇਣ। ਅੰਬੈਸੀ ਨੇ ਕਿਹਾ ਸੀ, ‘‘ਅਸੀਂ ਵਿਦਿਆਰਥੀਆਂ ਸਣੇ ਸਾਰੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੰਦੇ ਹਾਂ ਕਿ ਉਹ ਫੌਰੀ ਤੌਰ ’ਤੇ ਕੀਵ ਛੱਡ ਜਾਣ। ਟਰੇਨ ਜਾਂ ਫਿਰ ਕੋਈ ਵੀ ਹੋਰ ਉਪਬਲਧ ਸਾਧਨ ਲੈਣ ਤੇ ਉਥੋਂ ਨਿਕਲਣ ਦੀ ਕਰਨ।’’ ਭਾਰਤੀ ਅੰਬੈਸੀ ਨੇ ਇਹ ਐਡਵਾਈਜ਼ਰੀ ਅਜਿਹੇ ਮੌਕੇ ਜਾਰੀ ਕੀਤੀ ਸੀ, ਜਦੋਂ ਰਾਜਧਾਨੀ ਕੀਵ ਦੁਆਲੇ ਰੂਸੀ ਤੇ ਯੂਕਰੇਨੀ ਫੌਜਾਂ ਦਰਮਿਆਨ ਟਕਰਾਅ ਸਿਖਰ ’ਤੇ ਹੈ।
ਖਾਰਕੀਵ ’ਚ ਫਸੇ 3 ਹਜ਼ਾਰ ਭਾਰਤੀ ਵਿਦਿਆਰਥੀ
ਇਸ ਖ਼ਬਰ ਨੇ ਭਾਰਤ ਦੀ ਚਿੰਤਾ ਨੂੰ ਇਸ ਲਈ ਵਧਾ ਦਿੱਤਾ ਹੈ ਕਿਉਂਕਿ ਖਾਰਕੀਵ ’ਚ ਅਜੇ ਵੀ 3 ਹਜ਼ਾਰ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਸੋਮਵਾਰ ਨੂੰ ਡੇਲੀਮੇਲ ਨੇ ਇਕ ਵੀਡੀਓ ਟਵੀਟ ਕੀਤੀ ਅਤੇ ਕਿਹਾ ਕਿ ਸੈਨਿਕ ਸੂਤਰ ਦੱਸ ਰਹੇ ਹਨ ਕਿ ਇਹ ਵੀਡੀਓ ਖਾਰਕੀਵ ’ਤੇ ਕਲੱਸਟਰ ਬੰਬਾਂ ਦੀ ਬੰਬਾਰੀ ਨੂੰ ਦਿਖਾਉਦੀ ਹੈ, ਜਿਸ ਦੀ ਵਰਤੋਂ ਅੰਤਰਰਾਸ਼ਟਰੀ ਕਾਨੂੰਨ ਤਹਿਤ ਪਾਬੰਦੀਸ਼ੁਦਾ ਹੈ। ਅਮਰੀਕਾ ’ਚ ਯੂਕਰੇਨ ਦੇ ਇਕ ਰਾਜਦੂਤ ਨੇ ਦਾਅਵਾ ਕੀਤਾ ਕਿ ਰੂਸੀ ਸੈਨਾ ਖਾਰਕੀਵ ’ਚ ਵੈਕਿਊਮ ਬੰਬ ਨਾਲ ਹਮਲਾ ਕਰ ਰਹੀ ਹੈ।

Share