ਯੂਕਰੇਨ-ਰੂਸ ਜੰਗ: ਵਾਪਸ ਪਰਤੀ ਵਿਦਿਆਰਥਣ ਨੇ ਦੱਸੇ ਯੂਕਰੇਨ ਦੇ ਹਾਲਾਤ

294
ਯੂਕਰੇਨ ’ਚੋਂ ਬਚ ਕੇ ਪੋਲੈਂਡ ਦੀ ਮੈਦਿਕਾ ਸਰਹੱਦੀ ਚੌਕੀ ਪੁੱਜੇ ਦੋ ਮਿੱਤਰ ਮਿਲਦੇ ਹੋਏ।
Share

-‘ਯੂਕਰੇਨ ਦੇ ਪੂਰਬੀ ਹਿੱਸਿਆਂ ਤੋਂ ਵਿਦਿਆਰਥੀਆਂ ਦਾ ਸਰਹੱਦ ਤੱਕ ਪਹੁੰਚਣਾ ਮੁਸ਼ਕਲਾਂ ਭਰਿਆ’
– ਹੋਰ ਯਤਨਾਂ ਦੀ ਲੋੜ ’ਤੇ ਦਿੱਤਾ ਜ਼ੋਰ
ਮੁੰਬਈ/ਭੁਪਾਲ, 2 ਮਾਰਚ (ਪੰਜਾਬ ਮੇਲ)- ਯੂਕਰੇਨ ਦਾ ਪੂਰਬੀ ਹਿੱਸਾ ਜੋ ਕਿ ਰੂਸੀ ਹਮਲੇ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੈ, ਵਿਚ ਫਸੇ ਹੋਏ ਭਾਰਤੀ ਵਿਦਿਆਰਥੀਆਂ ਦਾ ਨਿਕਲਣਾ ਬੇਹੱਦ ਮੁਸ਼ਕਲ ਹੈ। ਯੂਕਰੇਨ ਤੋਂ ਪਰਤੀ ਇਕ ਭਾਰਤੀ ਵਿਦਿਆਰਥਣ ਨੇ ਦੱਸਿਆ ਕਿ ਪੂਰਬੀ ਖੇਤਰ ’ਚ ਫਸੇ ਵਿਦਿਆਰਥੀਆਂ ਦਾ ਸੜਕੀ ਰਸਤੇ ਸਫ਼ਰ ਕਰ ਕੇ ਪੱਛਮੀ ਸਰਹੱਦਾਂ ਤੱਕ ਪਹੁੰਚਣਾ ਬਹੁਤ ਔਖਾ ਹੈ। ਰੋਮਾਨੀਆ ਤੋਂ ਏਅਰ ਇੰਡੀਆ ਦੀ ਉਡਾਣ ਰਾਹੀਂ ਵਾਪਸ ਆਈ ਨਿਸ਼ੀ ਮਲਕਾਨੀ ਨੇ ਦੱਸਿਆ ਕਿ ਉਹ ਪੱਛਮੀ ਯੂਕਰੇਨ ਦੀ ਇਕ ਯੂਨੀਵਰਸਿਟੀ ਵਿਚ ਪੜ੍ਹ ਰਹੀ ਸੀ, ਜਿੱਥੇ ਹਾਲਤ ਕੁਝ ਹੱਦ ਤੱਕ ਠੀਕ ਹੈ। ਨਿਸ਼ੀ ਨੇ ਦੱਸਿਆ, ‘ਅਸੀਂ ਕਈ ਦਿਨ ਆਪਣੇ ਹੋਸਟਲਾਂ ਵਿਚ ਲੁਕੇ ਰਹੇ ਤੇ ਮਗਰੋਂ ਕਿਸੇ ਤਰ੍ਹਾਂ ਪੱਛਮੀ ਸਰਹੱਦਾਂ ’ਤੇ ਪਹੁੰਚਣ ਵਿਚ ਸਫ਼ਲ ਹੋ ਗਏ ਕਿਉਂਕਿ ਅਸੀਂ ਰੋਮਾਨੀਆ ਨਾਲ ਲੱਗਦੀ ਸਰਹੱਦ ਦੇ ਨੇੜੇ ਸੀ ਪਰ ਯੂਕਰੇਨ ਦੇ ਪੂਰਬੀ ਹਿੱਸਿਆਂ ਵਿਚ ਫਸੇ ਹਜ਼ਾਰਾਂ ਵਿਦਿਆਰਥੀ ਗੰਭੀਰ ਸਥਿਤੀ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਸੜਕੀ ਰਸਤੇ ਸਰਹੱਦਾਂ ਤੱਕ ਪਹੁੰਚਣਾ ਬੇਹੱਦ ਮੁਸ਼ਕਲ ਹੈ।’ ਨਿਸ਼ੀ ਨੇ ਕਿਹਾ ਕਿ ਉਨ੍ਹਾਂ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਲਈ ਤੇ ਉਨ੍ਹਾਂ ਤੱਕ ਪਹੁੰਚ ਬਣਾਉਣ ਲਈ ਹੋਰ ਯਤਨ ਕਰਨ ਦੀ ਲੋੜ ਹੈ। ਯੂਕਰੇਨ ਤੋਂ ਪਰਤੀ ਮੱਧ ਪ੍ਰਦੇਸ਼ ਦੇ ਗੁਣਾ ਜ਼ਿਲ੍ਹੇ ਦੀ ਇਕ ਮੈਡੀਕਲ ਦੀ ਵਿਦਿਆਰਥਣ ਨੇ ਦੱਸਿਆ ਕਿ ਯੂਕਰੇਨੀ ਗਾਰਡ ਉਨ੍ਹਾਂ ਭਾਰਤੀ ਵਿਦਿਆਰਥੀ ਨੂੰ ਕੁੱਟ ਰਹੇ ਹਨ, ਜੋ ਜੰਗ ਦਾ ਮੈਦਾਨ ਬਣੇ ਮੁਲਕ ਵਿਚੋਂ ਨਿਕਲ ਰਹੇ ਹਨ। ਸ਼ਰੁਤੀ ਨਾਇਕ ਇਵਾਨੋ ਮੈਡੀਕਲ ਯੂਨੀਵਰਸਿਟੀ ਵਿਚ ਤੀਜੇ ਸਾਲ ਦੀ ਐੱਮ.ਬੀ.ਬੀ.ਐੱਸ. ਦੀ ਵਿਦਿਆਰਥਣ ਹੈ। ਉਸ ਨੇ ਦੱਸਿਆ ਕਿ ਯੂਕਰੇਨ ’ਚ ਸਥਿਤੀ ਬਹੁਤ ਮਾੜੀ ਹੈ। ਨਾਇਕ ਨੇ ਦੱਸਿਆ ਕਿ ਰੋਮਾਨੀਆ ਪਹੁੰਚਣ ਲਈ ਉਸ ਨੇ 400 ਕਿਲੋਮੀਟਰ ਦਾ ਸਫ਼ਰ ਬੱਸ ਰਾਹੀਂ ਤੈਅ ਕੀਤਾ ਤੇ ਉੱਥੋਂ ਦੀ ਸਰਕਾਰ ਨੇ ਪਹੁੰਚਣ ’ਤੇ ਭਾਰਤੀ ਵਿਦਿਆਰਥੀਆਂ ਦੀ ਮਦਦ ਵੀ ਕੀਤੀ।

Share