ਯੂਕਰੇਨ ਨੂੰ ‘ਪਾਬੰਦੀਸ਼ੁਦਾ ਹਵਾਈ ਖੇਤਰ’ ਐਲਾਨਣ ਵਿਰੁੱਧ ਪੂਤਿਨ ਦੀ ਚਿਤਾਵਨੀ

220
Share

ਅਜਿਹੀ ਕਾਰਵਾਈ ਨੂੰ ਮੁਲਕ ’ਚ ਦਖ਼ਲ ਵਜੋਂ ਦੇਖੇਗਾ ਰੂਸ
ਲਵੀਵ (ਯੂਕਰੇਨ), 5 ਮਾਰਚ (ਪੰਜਾਬ ਮੇਲ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਕਿਸੇ ਵੀ ਤੀਜੀ ਧਿਰ ਵੱਲੋਂ ਯੂਕਰੇਨ ਦਾ ਹਵਾਈ ਖੇਤਰ ‘ਪਾਬੰਦੀਸ਼ੁਦਾ ਹਵਾਈ ਖੇਤਰ’ ਐਲਾਨਣ ਨੂੰ ਮਾਸਕੋ ‘ਜੰਗ ਵਿਚ ਸ਼ਾਮਲ’ ਹੋਣਾ ਮੰਨੇਗਾ। ਮਹਿਲਾ ਪਾਇਲਟਾਂ ਨਾਲ ਇਕ ਮੀਟਿੰਗ ਵਿਚ ਪੂਤਿਨ ਨੇ ਕਿਹਾ ਕਿ ਇਸ ਦਿਸ਼ਾ ਵਿਚ ਕੀਤੀ ਗਈ ਹਰ ਕਾਰਵਾਈ ਨੂੰ ਰੂਸ ਵਿਚ ਦਖ਼ਲ ਮੰਨਿਆ ਜਾਵੇਗਾ ਅਤੇ ਰੂਸ ਦੀ ਫੌਜ ਲਈ ਖ਼ਤਰੇ ਵਜੋਂ ਦੇਖਿਆ ਜਾਵੇਗਾ। ਉਨ੍ਹਾਂ ਕਿਹਾ, ‘‘ਉਸੇ ਸਮੇਂ ਅਸੀਂ ਇਸ ਕਾਰਵਾਈ ਨੂੰ ਫੌਜੀ ਸੰਘਰਸ਼ ਵਿਚ ਸ਼ਾਮਲ ਮੰਨਾਂਗੇ ਅਤੇ ਇਸ ਤੋਂ ਫਰਕ ਨਹੀਂ ਪੈਂਦਾ ਕਿ ਉਹ ਕਿਸ ਦੇ ਮੈਂਬਰ ਹਨ।’’ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਨਾਟੋ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦੇ ਮੁਲਕ ਉਪਰਲੇ ਹਵਾਈ ਖੇਤਰ ਨੂੰ ‘ਪਾਬੰਦੀਸ਼ੁਦਾ ਹਵਾਈ ਖੇਤਰ’ ਐਲਾਨਿਆ ਜਾਵੇ। ਉਧਰ, ਨਾਟੋ ਦਾ ਕਹਿਣਾ ਹੈ ਕਿ ਅਜਿਹਾ ‘ਪਾਬੰਦੀਸ਼ੁਦਾ ਹਵਾਈ ਖੇਤਰ’ ਐਲਾਨ ਨਾਲ ਯੂਕਰੇਨ ਉਪਰੋਂ ਹਰ ਤਰ੍ਹਾਂ ਦੀਆਂ ਗੈਰ ਅਧਿਕਾਰਤ ਜਹਾਜ਼ਾਂ ’ਤੇ ਪਾਬੰਦੀ ਲੱਗ ਜਾਵੇਗੀ, ਜਿਸ ਨਾਲ ਪ੍ਰਮਾਣੂ ਹਥਿਆਰਾਂ ਨਾਲ ਲੈਸ ਰੂਸ ਨਾਲ ਯੂਰਪੀ ਮੁਲਕਾਂ ਦੀ ਵੱਡੇ ਪੱਧਰ ’ਤੇ ਜੰਗ ਛਿੜ ਜਾਵੇਗੀ।

Share