ਯੂਕਰੇਨ ਦੇ ਸੂਮੀ ’ਚ ਫਸੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਅਤ ਕੱਢੇ ਜਾਣ ਦੀ ਟੁੱਟਣ ਲੱਗੀ ਆਸ!

214
Share

-ਪੈਸੇ, ਬਿਜਲੀ ਤੇ ਪਾਣੀ ਬਿਨਾਂ ਦਿਨ ਕੱਟਣ ਨੂੰ ਮਜਬੂਰ
-ਸੂਮੀ ਵਿਚ ਹਾਲੇ ਵੀ ਫਸੇ ਹੋਏ ਨੇ 700 ਭਾਰਤੀ ਵਿਦਿਆਰਥੀ
ਨਵੀਂ ਦਿੱਲੀ, 7 ਮਾਰਚ (ਪੰਜਾਬ ਮੇਲ)- ਯੂਕਰੇਨ ਦੇ ਉੱਤਰ ਪੂਰਬੀ ਸ਼ਹਿਰ ਵਿਚ ਜੰਗੀ ਖੇਤਰ ਵਿਚ ਘਿਰੀ ਇਕ ਭਾਰਤੀ ਵਿਦਿਆਰਥਣ ਨੇ ਇਕ ਵੀਡੀਓ ਸੁਨੇਹੇ ’ਚ ਕਿਹਾ ਹੈ ਕਿ ਉਹ ਕੁਝ ਵਿਦਿਆਰਥੀਆਂ ਨਾਲ ਬੀਤੇ 10 ਦਿਨਾਂ ਤੋਂ ਇੰਤਜ਼ਾਰ ਕਰ ਰਹੇ ਹਨ ਕਿ ਕੋਈ ਉਨ੍ਹਾਂ ਨੂੰ ਇਥੋਂ ਸੁਰੱਖਿਅਤ ਕੱਢ ਲਏਗਾ ਪਰ ਉਨ੍ਹਾਂ ਦੀ ਇਹ ਆਸ ਹੁਣ ਟੁੱਟਦੀ ਜਾ ਰਹੀ ਹੈ। ਸੂਮੀ ਸਟੇਟ ਯੂਨੀਵਰਿਸਟੀ ਵਿਚ ਪੜ੍ਹਨ ਵਾਲੀ ਇਕ ਹੋਰ ਵਿਦਿਆਰਥਣ ਨੇ ਦੱਸਿਆ ਕਿ ਜਿਥੇ ਉਹ ਹਨ, ਉਥੇ ਨਾ ਤਾਂ ਬਿਜਲੀ ਹੈ ਤੇ ਨਾ ਪਾਣੀ। ਦੁਕਾਨਕਾਰ ਕ੍ਰੈਡਿਟ ਜਾਂ ਡੈਬਿਟ ਕਾਰਡ ਨਹੀਂ ਲੈ ਰਹੇ। ਏ.ਟੀ.ਐੱਮ. ਵੀ ਖਾਲੀ ਪਏ ਹਨ, ਉਨ੍ਹਾਂ ’ਚ ਪੈਸੇ ਨਹੀਂ ਹਨ। ਉਸ ਨੇ ਕਿਹਾ, ‘‘ਅਸੀਂ ਜ਼ਰੂਰੀ ਚੀਜ਼ਾਂ ਵੀ ਨਹੀਂ ਖਰੀਦ ਸਕਦੇ। ’’ ਸੂਮੀ ਵਿਚ ਕਰੀਬ 700 ਵਿਦਿਆਰਥੀ ਫਸੇ ਹੋਏ ਹਨ। ਇਥੇ ਰੂਸ ਅਤੇ ਯੂਕਰੇਨ ਦੀਆਂ ਫੌਜਾਂ ਵਿਚਾਲੇ ਬੀਤੇ ਕੁਝ ਦਿਨਾਂ ਤੋਂ ਗਹਿਗੱਚ ਲੜਾਈ ਹੋ ਰਹੀ ਹੈ। ਸ਼ਹਿਰ ਤੋਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਭਾਰਤ ਵੱਲੋਂ ਕੋਸ਼ਿਸ਼ਾਂ ਜਾਰੀ ਹਨ, ਪਰ ਭਾਰੀ ਗੋਲਾਬਾਰੀ ਅਤੇ ਹਵਾਈ ਹਮਲਿਆਂ ਕਾਰਨ ਉਸ ਨੂੰ ਸਫਲਤਾ ਨਹੀਂ ਮਿਲ ਰਹੀ।
ਸੂਮੀ ਵਿਚ ਫਸੇ ਇਕ ਹੋਰ ਭਾਰਤੀ ਵਿਦਿਆਰਥੀ ਆਸ਼ਿਕ ਹੁਸੈਨ ਸਰਕਾਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ‘ਸਾਡੀ ਹਿੰਮਤ ਟੁੱਟ ਰਹੀ ਹੈ। ਸਾਨੂੰ ਤਾਜ਼ਾ ਜਾਣਕਾਰੀ ਦਾ ਇੰਤਜ਼ਾਰ ਹੈ।’’ ਮੈਡੀਕਲ ਦੇ ਚੌਥੇ ਵਰ੍ਹੇ ਦੇ ਵਿਦਿਆਰਥੀ ਅਜੀਤ ਗੰਗਾਧਰਨ ਨੇ ਕਿਹਾ, ‘‘ਅਸੀਂ ਪੈਦਲ ਨਿਕਲਣ ਵਾਲੇ ਹੀ ਸੀ ਕਿ ਸਰਕਾਰ ਨੇ ਸਾਨੂੰ ਰੁਕਣ ਅਤੇ ਕੋਈ ਜ਼ੋਖਮ ਨਾ ਲੈਣ ਲਈ ਕਿਹਾ। ਅਸੀਂ ਰੁੱਕ ਗਏ, ਪਰ ਕਦੋਂ ਤੱਕ?’’ ਸੂਮੀ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੇ ਸ਼ਨਿੱਚਰਵਾਰ ਨੂੰ ਇਕ ਵੀਡੀਓ ਸ਼ੋਸ਼ਲ ਮੀਡੀਆ ’ਤੇ ਪਾ ਕੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਸੰਘਰਸ਼ ਵਿਚਾਲੇ ਕੜਾਕੇ ਦੀ ਠੰਢ ਵਿਚ ਰੂਸ ਦੀ ਸਰਹੱਦ ਤੱਕ ਪੈਦਲ ਜਾਣ ਦਾ ਜ਼ੋਖ਼ਮ ਲੇੈਣ ਦਾ ਫੈਸਲਾ ਕੀਤਾ।’’ ਇਸ ਤੋਂ ਬਾਅਦ ਦਿੱਲੀ ਵਿਚ ਸਰਕਾਰੀ ਹਲਕਿਆਂ ਵਿਚ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਖਦਸ਼ੇ ਪੈਦਾ ਹੋ ਗਏ। ਵੀਡੀਓ ਜਾਰੀ ਹੋਣ ਦੇ ਕੁਝ ਸਮੇਂ ਬਾਅਦ ਹੀ ਭਾਰਤ ਸਰਕਾਰ ਨੇ ਐਡਵਾਇਜ਼ਰੀ ਜਾਰੀ ਕਰਕੇ ਉਨ੍ਹਾਂ ਨੂੰ ਬੰਕਰਾਂ ਅਤੇ ਹੋਰਨਾਂ ਸ਼ਰਨਾਰਥੀ ਥਾਵਾਂ ’ਤੇ ਹੀ ਰੁੱਕਣ ਲਈ ਕਿਹਾ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਛੇਤੀ ਹੀ ਕੱਢ ਲਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਸੂਮੀ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਉਨ੍ਹਾਂ ਤੋਂ ਸਹਿਯੋਗ ਮੰਗਿਆ ਹੈ।

Share