ਯੂਕਰੇਨ ਦੇ ਇਲਾਕੇ ਸ਼ੇਹੇਨੀ ਦੇ ਮੇਅਰ ਵੱਲੋਂ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਦੀ ਸ਼ਲਾਘਾ

198
Share

ਯੂਕਰੇਨ ਅਤੇ ਪੋਲੈਂਡ ਦੇ ਬਾਰਡਰ ‘ਤੇ ਵਸੇ ਪਿੰਡ ਸ਼ੇਹੇਨੀ ਦੇ ਮੇਅਰ ਵੱਲੋਂ ਵਰਲਡ ਸਿੱਖ ਪਾਰਲੀਮੈਂਟ ਦੀ ਵੈਲਫੇਅਰ ਕੌਂਸਲ ਦੀ ਮੈਂਬਰ ਸੰਸਥਾ ‘ਯੂਨਾਇਟਿਡ ਸਿੱਖਸ’ ਵੱਲੋਂ ਰੂਸ ਅਤੇ ਯੂਕਰੇਨ ਵਿਚ ਚੱਲ ਰਹੇ ਯੁੱਧ ਵਿਚ ਬੇਘਰ ਹੋਏ ਸ਼ਰਨਾਰਥੀਆਂ ਲਈ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਹੈ। ਸ਼ਹਿਰ ਸ਼ੇਹੇਨੀ ਦੀ ਮੇਅਰ ਓਸਕਾਨਾ ਪਵੂਸਕੋ ਵੱਲੋਂ ਪਿਛਲੇ ਦਿਨੀਂ ਵਰਲਡ ਸਿੱਖ ਪਾਰਲੀਮੈਂਟ ਦੇ ਇੱਕ ਵਫਦ, ਜਿਸ ਵਿਚ ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ, ਭਾਈ ਹਰਦਿਆਲ ਸਿੰਘ, ਭਾਈ ਜਸਵਿੰਦਰ ਸਿੰਘ ਯੂ.ਕੇ. ਕੋਆਰਡੀਨੇਟਰ ਅਤੇ ਯੂਨਾਈਟਿਡ ਸਿਖਸ ਦੇ ਭਾਈ ਨਿਹਾਲ ਸਿੰਘ ਸ਼ਾਮਲ ਸਨ, ਨਾਲ ਮੁਲਾਕਾਤ ਕੀਤੀ ।
ਮੇਅਰ ਓਸਕਾਨਾ ਪਵੂਸਕੋ ਨੇ ਵਰਲਡ ਸਿੱਖ ਪਾਰਲੀਮੈਂਟ ਅਤੇ ਯੂਨਾਈਟਿਡ ਸਿੱਖਸ ਵੱਲੋਂ ਸ਼ਰਨਾਰਥੀਆਂ ਨੂੰ ਮੁਲਕ ‘ਤੇ ਆਏ ਔਖੇ ਸਮੇਂ ਵਿਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਸਿੱਖਾਂ ਦੀ ਸੇਵਾ ਤੋਂ ਇੰਨੇ ਪ੍ਰਭਾਵਤ ਹੋਏ ਹਾਂ ਕਿ ਅਗਲੀਆਂ ਦਸ ਸਦੀਆਂ ਵੀ ਯੂਕਰੇਨ ਦੇ ਵਾਸੀ ਸਿੱਖਾਂ ਵੱਲੋਂ ਕੀਤੀ ਜਾ ਰਹੀ ਮਦਦ ਨੂੰ ਨਹੀਂ ਭੁੱਲਣਗੇ। ਉਨ੍ਹਾਂ ਕਿਹਾ ਕਿ ਅਜੇ ਯੂਕਰੇਨ ‘ਤੇ ਮੁਸੀਬਤਾਂ ਦਾ ਦੌਰ ਜਾਰੀ ਹੈ ਤੇ ਸਾਨੂੰ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਵੱਡੇ ਤੌਰ ‘ਤੇ ਮਦਦ ਦੀ ਲੋੜ ਹੈ। ਯੂਕਰੇਨ ਦੇ ਗਰੀਬ ਇਲਾਕੇ ਇਸ ਜੰਗ ਨਾਲ ਜ਼ਿਆਦਾ ਪ੍ਰਭਾਵਿਤ ਹੋਏ ਹਨ ਤੇ ਉਨ੍ਹਾਂ ਨੂੰ ਮਦਦ ਦੀ ਵੀ ਜ਼ਿਆਦਾ ਲੋੜ ਪਏਗੀ ।
ਵਰਲਡ ਸਿੱਖ ਪਾਰਲੀਮੈਂਟ ਦੀ ਵੈੱਲਫੇਅਰ ਕੌਂਸਲ ਦੀ ਮੈਂਬਰ ਸੰਸਥਾ ‘ਯੂਨਾਇਟਿਡ ਸਿੱਖਸ’ ਵੱਲੋਂ ਜੰਗ ਦੇ ਸ਼ੁਰੂ ਵਿਚ ਪੋਲੈਂਡ ਦੇ ਸ਼ਹਿਰ ਮੇਡੇਕਾ, ਜੋ ਕਿ ਯੂਕਰੇਨ ਦੇ ਬਾਰਡਰ ‘ਤੇ ਸਥਿਤ ਹੈ, ‘ਤੇ ਰਾਹਤ ਕੈਂਪ ਲਾਇਆ ਗਿਆ ਸੀ, ਜਿੱਥੇ ਜੰਗ ਤੋਂ ਬਚ ਕੇ ਆ ਰਹੇ ਸ਼ਰਨਾਰਥੀਆਂ ਲਈ ਲੰਗਰ ਲਗਾਇਆ ਗਿਆ ਸੀ। ਹੁਣ ਇਹ ਰਾਹਤ ਕਾਰਜ ਯੂਕਰੇਨ ਦੇ ਸ਼ਹਿਰ ਸ਼ੇਹੇਨੀ ਵਿਚ ਕੀਤੇ ਜਾ ਰਹੇ ਹਨ ਤੇ ਰਾਹਤ ਕਾਰਜਾਂ ਦਾ ਦਾਇਰਾ ਵੀ ਵਧ ਗਿਆ ਹੈ। ਹੁਣ ਨਾ ਸਿਰਫ ਸ਼ਰਨਾਰਥੀਆਂ ਨੂੰ ਲੰਗਰ ਛਕਾਇਆ ਜਾਂਦਾ ਹੈ, ਬਲਕਿ ਉਨ੍ਹਾਂ ਦੇ ਵਸੇਬੇ ਦੇ ਕਾਰਜਾਂ ਵਿਚ ਵੀ ਮਦਦ ਕੀਤੀ ਜਾਂਦੀ ਹੈ ਤੇ ਬੱਚਿਆਂ ਨੂੰ ਪੜ੍ਹਾਈ ਕਰਾਉਣ ਵਿਚ ਵੀ ਸਹਾਇਤਾ ਕੀਤੀ ਜਾ ਰਹੀ ਹੈ। ‘ਯੂਨਾਇਟਿਡ ਸਿਖਸ’ ਵੱਲੋਂ ਜੰਗ ਦੇ ਸ਼ੁਰੂ ਵਿਚ ਯੂਕਰੇਨ ਵਸਦੇ ਵਿਦੇਸ਼ੀਆਂ ਨੂੰ ਮੁਲਕ ਤੋਂ ਬਾਹਰ ਕੱਢਣ ਵਿਚ ਵੀ ਮਦਦ ਕੀਤੀ ਗਈ ਸੀ। ਉਸ ਸਮੇਂ ਹਰ ਧਰਮ, ਚਾਹੇ ਓਹ ਹਿੰਦੂ ਸੀ, ਮੁਸਲਮਾਨ ਸੀ ਜਾਂ ਇਸਾਈ, ਹਰ ਕਿਸੇ ਵਿਅਕਤੀ ਨੂੰ ਬਿਨਾਂ ਰੰਗ, ਨਸਲ, ਭੇਦ ਦੇ ਜੰਗ ਤੋਂ ਬਚਣ ਲਈ ਮਦਦ ਕੀਤੀ ਗਈ ਸੀ।
ਇਸ ਮੌਕੇ ਆਪਣੇ ਵਿਚਾਰ ਦਿੰਦਿਆਂ ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਦਾ ਆਪਣਾ ਰਾਜ ਤਾਂ ਨਹੀਂ ਹੈ ਪਰ ਸਿੱਖਾਂ ਵੱਲੋਂ ਜੋ ਕਾਰਜ ਅੰਤਰਰਾਸ਼ਟਰੀ ਪੱਧਰ ‘ਤੇ ਕੀਤੇ ਜਾਂਦੇ ਹਨ, ਉਹ ਕਿਸੇ ਰਾਜ ਤੋਂ ਘੱਟ ਨਹੀਂ ਹਨ। ਵੱਖ-ਵੱਖ ਕੌਮਾਂ ਸਾਡੇ ਕਾਰਜਾਂ ਦੀ ਸ਼ਲਾਘਾ ਕਰਦੀਆਂ ਹਨ। ਵਰਲਡ ਸਿੱਖ ਪਾਰਲੀਮੈਂਟ ਦਾ ਨਿਸ਼ਾਨਾ ਆਪਣੇ ਆਜ਼ਾਦ ਘਰ ਦੀ ਪ੍ਰਾਪਤੀ ਹੈ ਤੇ ਇਸ ਨਿਸ਼ਾਨੇ ‘ਤੇ ਕਦਮ ਪੁੱਟਦਿਆਂ ਅਸੀਂ ਲੋਕਾਈ ਦੀ ਗੁਰੂ ਸਿਧਾਂਤਾਂ ਮੁਤਾਬਕ ਮਦਦ ਵੀ ਕਰਦੇ ਰਹਾਂਗੇ।


Share