ਯੂਕਰੇਨ ਦੀ ਫੌਜ ’ਚ ਸ਼ਾਮਲ ਹੋਇਆ ਭਾਰਤੀ ਵਿਦਿਆਰਥੀ

306
Share

ਕੀਵ, 9 ਮਾਰਚ (ਪੰਜਾਬ ਮੇਲ)- ਯੂਕਰੇਨ-ਰੂਸ ਜੰਗ ਦਰਮਿਆਨ, ਜਿੱਥੇ ਭਾਰਤ ਯੂਕਰੇਨ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ’ਚ ਲੱਗਾ ਹੋਇਆ ਹੈ, ਉਥੇ ਹੀ ਭਾਰਤ ਦਾ ਇਕ ਵਿਦਿਆਰਥੀ ਯੂਕਰੇਨ ਦੀ ਫੌਜ ’ਚ ਸ਼ਾਮਲ ਹੋ ਗਿਆ ਹੈ, ਜੋ ਰੂਸ ਨੂੰ ਟੱਕਰ ਦੇਣ ਲਈ ਤਿਆਰ ਹੈ। ਤਾਮਿਲਨਾਡੂ ਦੇ ਕੋਇੰਬਟੂਰ ਦਾ ਰਹਿਣ ਵਾਲਾ ਸੈਨਿਕੇਸ਼ ਰਵੀਚੰਦਰਨ ਯੂਕਰੇਨ ਦੀ ਫੌਜ ’ਚ ਭਰਤੀ ਹੋ ਗਿਆ ਹੈ।
ਸੈਨਿਕੇਸ਼ ਦੇ ਮਾਤਾ-ਪਿਤਾ ਇਹ ਜਾਣ ਕੇ ਬਹੁਤ ਦੁਖੀ ਹਨ ਅਤੇ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਇਹ ਫੈਸਲਾ ਲਿਆ ਹੈ। ਸੈਨਿਕੇਸ਼ 2018 ’ਚ ਪੜ੍ਹਾਈ ਲਈ ਯੂਕਰੇਨ ਗਿਆ ਸੀ। ਉਹ ਖਾਰਕੀਵ ’ਚ ਨੈਸ਼ਨਲ ਏਰੋਸਪੇਸ ਯੂਨੀਵਰਸਿਟੀ ’ਚ ਪੜ੍ਹ ਰਿਹਾ ਸੀ। ਉਸ ਦੀ ਪੜ੍ਹਾਈ ਜੁਲਾਈ 2022 ’ਚ ਪੂਰੀ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋ ਗਈ ਸੀ।
ਯੂਕਰੇਨ ’ਤੇ ਰੂਸ ਦੇ ਹਮਲੇ ਤੋਂ ਬਾਅਦ ਸੈਨਿਕੇਸ਼ ਰਵੀਚੰਦਰਨ ਦਾ ਘਰ ਤੋਂ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਸੀ। ਮੋਦੀ ਸਰਕਾਰ ਨੇ ਯੂਕਰੇਨ ਤੋਂ ਭਾਰਤੀਆਂ ਨੂੰ ਕੱਢਣ ਲਈ ਆਪਰੇਸ਼ਨ ਗੰਗਾ ਸ਼ੁਰੂ ਕੀਤਾ ਪਰ ਸੈਨਿਕੇਸ਼ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਅਤੇ ਨਾ ਹੀ ਉਹ ਵਾਪਸ ਆਇਆ। ਸੈਨਿਕੇਸ਼ ਬਾਰੇ ਪਤਾ ਲਗਾਉਣ ਲਈ ਉਸ ਦੇ ਮਾਪਿਆਂ ਨੇ ਯੂਕਰੇਨ ਸਥਿਤ ਭਾਰਤੀ ਦੂਤਘਰ ਨਾਲ ਸੰਪਰਕ ਕੀਤਾ। ਜਦੋਂ ਭਾਰਤੀ ਦੂਤਘਰ ਨੇ ਜਾਣਕਾਰੀ ਇਕੱਠੀ ਕੀਤੀ, ਤਾਂ ਪਤਾ ਲੱਗਾ ਕਿ ਸੈਨਿਕੇਸ਼ ਹੁਣ ਯੂਕਰੇਨ ਦੀ ਫੌਜ ਦਾ ਹਿੱਸਾ ਬਣ ਗਿਆ ਹੈ।
ਸੈਨਿਕੇਸ਼ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਹ ਪਹਿਲਾਂ ਹੀ ਫੌਜ ’ਚ ਭਰਤੀ ਹੋਣਾ ਚਾਹੁੰਦਾ ਸੀ। ਉਸ ਨੇ ਭਾਰਤੀ ਫੌਜ ਵਿਚ ਭਰਤੀ ਹੋਣ ਲਈ ਅਰਜ਼ੀ ਵੀ ਦਿੱਤੀ ਸੀ ਪਰ ਉਸ ਦੀ ਅਰਜ਼ੀ ਨੂੰ ਮਨਜ਼ੂਰ ਨਹੀਂ ਕੀਤਾ ਗਿਆ ਸੀ।

Share