ਯੂਕਰੇਨ ਤੋਂ ਵਾਪਸ ਲਿਆਂਦੇ ਜਾ ਰਹੇ ਭਾਰਤੀ ਯਾਤਰੀਆਂ ਨੂੰ ਕੋਵਿਡ ਨੇਮਾਂ ’ਚ ਛੋਟ ਦੇਣ ਦਾ ਫੈਸਲਾ

229
Share

ਹੁਣ ਤੱਕ ਪੰਜ ਉਡਾਣਾਂ ਰਾਹੀਂ 1156 ਭਾਰਤੀ ਪਰਤੇ
ਨਵੀਂ ਦਿੱਲੀ, 28 ਫਰਵਰੀ (ਪੰਜਾਬ ਮੇਲ)- ਸਿਹਤ ਮੰਤਰਾਲੇ ਨੇ ਯੂਕਰੇਨ ਤੋਂ ਵਾਪਸ ਦੇਸ਼ ਲਿਆਂਦੇ ਜਾ ਰਹੇ ਭਾਰਤੀਆਂ ਨੂੰ ਜਹਾਜ਼ ਚੜ੍ਹਨ ਤੋਂ ਪਹਿਲਾਂ ਆਰ.ਟੀ.-ਪੀ.ਸੀ.ਆਰ. ਟੈਸਟ ਕਰਵਾਉਣ, ਕੋਵਿਡ ਟੀਕਾਕਰਨ ਸਰਟੀਫਿਕੇਟ ਮੁਹੱਈਆ ਕਰਵਾਉਣ ਤੇ ਇਸ ਨੂੰ ਏਅਰ ਸੁਵਿਧਾ ਪੋਰਟਲ ’ਤੇ ਅਪਲੋਡ ਕਰਨ ਜਿਹੇ ਨੇਮਾਂ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਕੌਮਾਂਤਰੀ ਯਾਤਰਾ ਦਿਸ਼ਾ-ਨਿਰਦੇਸ਼ਾਂ ਨੂੰ ਨਵਿਆਇਆ ਗਿਆ ਹੈ ਅਤੇ ਇਨਸਾਨੀਅਤ ਦੇ ਆਧਾਰ ’ਤੇ ਯੂਕਰੇਨ ਤੋਂ ਆਉਣ ਵਾਲਿਆਂ ਨੂੰ ਕੁਝ ਛੋਟਾਂ ਦਿੱਤੀਆਂ ਗਈਆਂ ਹਨ। ਸਰਕਾਰ ਮੁਤਾਬਕ 28 ਫਰਵਰੀ ਤੱਕ ਯੂਕਰੇਨ ਤੋਂ 1156 ਭਾਰਤੀਆਂ ਨੂੰ ਲੈ ਕੇ ਪੰਜ ਉਡਾਣਾਂ ਦੇਸ਼ ’ਚ ਪੁੱਜੀਆਂ ਹਨ ਤੇ ਇਨ੍ਹਾਂ ਵਿਚੋਂ ਕਿਸੇ ਵੀ ਮੁਸਾਫ਼ਰ ਨੂੰ ਇਕਾਂਤਵਾਸ ਵਿਚ ਨਹੀਂ ਰੱਖਿਆ ਗਿਆ। ਇਨ੍ਹਾਂ ਪੰਜ ਉਡਾਣਾਂ ’ਚੋਂ ਇਕ ਮੁੰਬਈ ਤੇ ਬਾਕੀ ਦਿੱਲੀ ਉਤਰੀਆਂ ਹਨ। ਉਂਜ ਇਨ੍ਹਾਂ ਯਾਤਰੀਆਂ ਨੂੰ ਅਗਲੇ ਦੋ ਹਫ਼ਤਿਆਂ ਤੱਕ ਆਪਣੀ ਸਿਹਤ ਦੀ ਖੁਦ ਨਿਗਰਾਨੀ ਕਰਨ ਲਈ ਜ਼ਰੂਰ ਕਿਹਾ ਗਿਆ ਹੈ। ਕੋਵਿਡ ਲਈ ਪਾਜ਼ੀਟਿਵ ਨਿਕਲਣ ਦੀ ਸੂਰਤ ’ਚ ਸਬੰਧਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ।

Share