ਯੂਕਰੇਨ ‘ਚ ਰੂਸ ਦੀ ਕਾਰਵਾਈ ਪੱਛਮੀ ਦੇਸ਼ਾਂ ਦੀਆਂ ਨੀਤੀਆਂ ਖ਼ਿਲਾਫ਼ ਜਵਾਬ : ਪੁਤਿਨ

53
Share

-‘ਵਿਜੈ ਦਿਵਸ’ ਮੌਕੇ ਦਿੱਤਾ ਬਿਆਨ
ਮਾਸਕੋ, 9 ਮਈ (ਪੰਜਾਬ ਮੇਲ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿਚ ਰੂਸ ਦੀ ਫ਼ੌਜੀ ਕਾਰਵਾਈ ਨੂੰ ਪੱਛਮੀ ਨੀਤੀਆਂ ਦਾ ਜਵਾਬ ਦੱਸਿਆ ਹੈ। ਪੁਤਿਨ ਨੇ ਸੋਮਵਾਰ ਨੂੰ ‘ਵਿਜੈ ਦਿਵਸ’ ਮੌਕੇ ਇਹ ਬਿਆਨ ਦਿੱਤਾ। ਰੂਸ ਦੂਜੇ ਵਿਸ਼ਵ ਯੁੱਧ ਵਿਚ ਨਾਜ਼ੀਆਂ ‘ਤੇ ਪੁਰਾਣੇ ਸੋਵੀਅਤ ਯੂਨੀਅਨ ਦੀ ਜਿੱਤ ਦੀ ਯਾਦ ਵਿਚ ‘ਵਿਜੈ ਦਿਵਸ’ ਮਨਾਉਂਦਾ ਹੈ। ਇਹ ਜਿੱਤ 9 ਮਈ ਨੂੰ ਮਿਲੀ ਸੀ। ਪੁਤਿਨ ਨੇ ਨਾਜ਼ੀ ਫ਼ੌਜਾਂ ਵਿਰੁੱਧ ‘ਰੈੱਡ ਆਰਮੀ’ ਦੀ ਲੜਾਈ ਦੀ ਤੁਲਨਾ ਯੂਕਰੇਨ ਵਿਚ ਰੂਸੀ ਫ਼ੌਜ ਦੀਆਂ ਕਾਰਵਾਈਆਂ ਨਾਲ ਕੀਤੀ। ਉਨ੍ਹਾਂ ਨੇ ਕਿਹਾ ਕਿ ਯੂਕਰੇਨ ਵਿਚ ਸੰਭਾਵੀ ਹਮਲੇ ਨੂੰ ਰੋਕਣ ਲਈ ਸਹੀ ਸਮੇਂ ‘ਤੇ ਕੀਤੀ ਗਈ ਕਾਰਵਾਈ ਢੁਕਵੀਂ ਹੈ।
ਪੁਤਿਨ ਨੇ ਕਿਹਾ ਕਿ ਰੂਸੀ ਫ਼ੌਜੀ ਯੂਕਰੇਨ ਵਿਚ ਦੇਸ਼ ਦੀ ਸੁਰੱਖਿਆ ਲਈ ਲੜ ਰਹੇ ਹਨ। ਇਸ ਤੋਂ ਬਾਅਦ ਜੰਗ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਇੱਕ ਮਿੰਟ ਦਾ ਮੌਨ ਰੱਖਿਆ ਗਿਆ। ਹਰ ਸਾਲ ਦੀ ਤਰ੍ਹਾਂ ‘ਵਿਜੈ ਦਿਵਸ’ ਮੌਕੇ ਸੋਮਵਾਰ ਨੂੰ ਰੈੱਡ ਸਕੁਏਅਰ ਤੋਂ ਮਿਲਟਰੀ ਪਰੇਡ ਦਾ ਆਯੋਜਨ ਕੀਤਾ ਗਿਆ। ਟੈਂਕ, ਬਖਤਰਬੰਦ ਵਾਹਨ, ਵਿਸ਼ਾਲ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲਾਂ ਲੈ ਕੇ ਜਾਣ ਵਾਲੇ ਵਾਹਨ ਫ਼ੌਜੀ ਪਰੇਡ ਵਿਚ ਦੇਖੇ ਗਏ। ਇਸ ਸਾਲ ‘ਜਿੱਤ ਦਿਵਸ’ ‘ਤੇ ਫ਼ੌਜ ਅਤੇ ਹਥਿਆਰ ਘੱਟ ਦਿਖਾਈ ਦਿੱਤੇ ਕਿਉਂਕਿ ਇਸ ਸਮੇਂ ਯੂਕਰੇਨ  ਵਿਚ ਰੂਸ ਦੀ ਫ਼ੌਜੀ ਕਾਰਵਾਈ ਚੱਲ ਰਹੀ ਹੈ ਅਤੇ ਇਸ ਦੀਆਂ ਜ਼ਿਆਦਾਤਰ ਫ਼ੌਜਾਂ ਅਤੇ ਹਥਿਆਰ ਯੂਕਰੇਨ  ਅਤੇ ਇਸ ਦੀਆਂ ਸਰਹੱਦਾਂ ‘ਤੇ ਤਾਇਨਾਤ ਹਨ।
ਇਸ ਖ਼ਾਸ ਮੌਕੇ ਪੁਤਿਨ ਨੇ 15 ਦੇਸ਼ਾਂ ਨੂੰ ਵਧਾਈ ਸੰਦੇਸ਼ ਭੇਜੇ ਹਨ। ਇਸ ਵਿਚ ਯੂਕਰੇਨ , ਅਜ਼ਰਬਾਈਜਾਨ, ਅਰਮੇਨੀਆ, ਬੇਲਾਰੂਸ, ਕਜ਼ਾਕਿਸਤਾਨ, ਕਿਰਗਿਸਤਾਨ, ਮੋਲਡੋਵਾ, ਤਜ਼ਾਕਿਸਤਾਨ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਅਬਖਾਜ਼ੀਆ, ਦੱਖਣੀ ਓਸੇਟੀਆ, ਡੀ.ਪੀ.ਆਰ., ਐੱਲ.ਪੀ.ਆਰ. ਅਤੇ ਜਾਰਜੀਆ ਸ਼ਾਮਲ ਹਨ। ਪੁਤਿਨ ਦੇ ਸੰਦੇਸ਼ ‘ਚ ਕਿਹਾ ਗਿਆ ਹੈ ਕਿ ‘1945 ਦੀ ਤਰ੍ਹਾਂ ਹੀ ਸਾਡੀ ਜਿੱਤ ਹੋਵੇਗੀ। ਸਾਡੇ ਪੂਰਵਜਾਂ ਵਾਂਗ, ਸਾਡੇ ਸਿਪਾਹੀ ਮਾਤ ਭੂਮੀ ਨੂੰ ਨਾਜ਼ੀਆਂ ਤੋਂ ਆਜ਼ਾਦ ਕਰਵਾਉਣ ਲਈ ਲੜ ਰਹੇ ਹਨ। ਅੱਜ ਸਾਡਾ ਫਰਜ਼ ਨਾਜ਼ੀਵਾਦ ਨੂੰ ਰੋਕਣਾ ਹੈ, ਜਿਸ ਕਾਰਨ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਬਹੁਤ ਦੁੱਖ ਹੋਇਆ। ਮੈਨੂੰ ਉਮੀਦ ਹੈ ਕਿ ਨਵੀਂ ਪੀੜ੍ਹੀ ਆਪਣੇ ਪਿਤਾ ਅਤੇ ਦਾਦੇ ਦੀ ਯਾਦ ਦੇ ਯੋਗ ਹੋ ਸਕਦੀ ਹੈ।’


Share