ਯੂਕਰੇਨੀ ਸੈਨਿਕਾਂ ਨੇ ਰੈਸਕਿਊ ਆਪ੍ਰੇਸ਼ਨ ਦੌਰਾਨ ਕੈਨੇਡਾ ਲਈ ਕੰਮ ਕਰਨ ਵਾਲੇ ਅਫਗਾਨੀ ਟਰਾਂਸਲੇਟਰਜ਼ ਨੂੰ ਬਚਾਇਆ

782
Share

ਟੋਰਾਂਟੋ, 2 ਸਤੰਬਰ (ਪੰਜਾਬ ਮੇਲ)- ਇਸ ਵੀਕੈਂਡ ਅਫਗਾਨੀ ਇੰਟਰਪ੍ਰੈਟਰਜ਼ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੈ ਕੇ ਇਕ ਜਹਾਜ਼ ਕੀਵ ਪਹੁੰਚਿਆ। ਕਾਬੁਲ ਏਅਰਪੋਰਟ ਤੋਂ ਯੂਕਰੇਨੀਅਨ ਸੈਨਿਕਾਂ ਨੇ ਇਸ ਰੈਸਕਿਊ ਆਪਰੇਸ਼ਨ ਨੂੰ ਬੜੀ ਦਲੇਰੀ ਨਾਲ ਮੁਕੰਮਲ ਕੀਤਾ।
ਕੁੱਝ ਅਫਗਾਨੀ ਪਰਿਵਾਰਾਂ ਨੂੰ ਇਹ ਲੱਗ ਰਿਹਾ ਸੀ ਕਿ ਉਹ ਹੁਣ ਨਹੀਂ ਬਚ ਸਕਣਗੇ। ਕਈ ਦਿਨਾਂ ਤੋਂ ਉਹ ਲਗਾਤਾਰ ਗੋਲੀਆਂ, ਧਮਾਕਿਆਂ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸਨ। ਸਾਬਕਾ ਕੈਨੇਡੀਅਨ ਮਿਲਟਰੀ ਟਰਾਂਸਲੇਟਰ ਜਾਵੇਦ ਹਕਮਲ ਨੇ ਕਈ ਹਫਤਿਆਂ ਤੱਕ ਅਫਗਾਨਿਸਤਾਨ ਤੋਂ ਬਾਹਰ ਜਾ ਰਹੀਆਂ ਫਲਾਈਟਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਸਭ ਅਸੰਭਵ ਜਾਪ ਰਿਹਾ ਸੀ। ਹਾਲਾਂਕਿ ਏਅਰਪੋਰਟ ਉਨ੍ਹਾਂ ਤੋਂ ਦੋ ਕਿਲੋਮੀਟਰ ਦੀ ਹੀ ਦੂਰੀ ਉੱਤੇ ਸੀ।
ਇਸ ਦੌਰਾਨ ਯੂਕਰੇਨੀਅਨ ਸੈਨਿਕਾਂ ਨੇ ਖਤਰਾ ਮੁੱਲ ਲੈ ਕੇ ਉਨ੍ਹਾਂ ਤੱਕ ਪਹੁੰਚ ਕੀਤੀ। ਸ਼ੁੱਕਰਵਾਰ ਨੂੰ ਹੋਏ ਘਾਤਕ ਹਮਲੇ ’ਚ 170 ਅਫਗਾਨੀ ਤੇ 13 ਅਮਰੀਕੀ ਸੈਨਿਕ ਮਾਰੇ ਗਏ। ਯੂਕਰੇਨੀਅਨ ਸੈਨਿਕ ਪੈਦਲ ਹੀ ਕਾਬੁਲ ਅੰਦਰ ਦਾਖਲ ਹੋਏ ਤੇ ਦੋ ਮਿੰਨੀ ਬੱਸਾਂ ਦੀ ਨਿਗਰਾਨੀ ਕਰਦੇ ਹੋਏ ਉਨ੍ਹਾਂ ਨੂੰ ਏਅਰਪੋਰਟ ਤੱਕ ਲੈ ਕੇ ਆਏ। ਉਨ੍ਹਾਂ 19 ਲੋਕਾਂ ਦੀ ਜਾਨ ਬਚਾਈ। ਹਕਮਲ ਨੇ ਆਖਿਆ ਕਿ ਉਹ ਯੂਕਰੇਨੀਅਨ ਸੈਨਿਕਾਂ ਦੇ ਬਹੁਤ ਸ਼ੁਕਰਗੁਜ਼ਾਰ ਹਨ, ਜਿਨ੍ਹਾਂ ਆਪਣੀ ਜਾਨ ਦਾਅ ਉੱਤੇ ਲਾ ਕੇ ਉਨ੍ਹਾਂ ਨੂੰ ਬਚਾਇਆ। ਉਨ੍ਹਾਂ ਆਖਿਆ ਕਿ ਪਿਛਲੇ ਇਕ ਮਹੀਨੇ ਜਾਂ ਦੋ ਮਹੀਨੇ ਤੋਂ ਕੋਈ ਵੀ ਅਮਰੀਕੀ ਜਾਂ ਕੈਨੇਡੀਅਨ ਸੈਨਿਕ ਉਨ੍ਹਾਂ ਨੂੰ ਬਚਾਉਣ ਲਈ ਏਅਰਪੋਰਟ ਤੋਂ ਬਾਹਰ ਨਹੀਂ ਆਇਆ। ਕਿਸੇ ਲਈ ਵੀ ਉੱਥੋਂ ਬਾਹਰ ਆਉਣਾ ਬੜਾ ਮੁਸ਼ਕਲ ਸੀ।
ਹਕਮਲ ਉਨ੍ਹਾਂ ਦੋ ਟਰਾਂਸਲੇਟਰਜ਼ ਵਿਚੋਂ ਇਕ ਹੈ, ਜਿਸ ਨੂੰ ਉਥੋਂ ਬਚਾਇਆ ਗਿਆ। 49 ਸਾਲਾ ਪੰਜ ਬੱਚਿਆਂ ਦੇ ਪਿਤਾ ਮੁਹੰਮਦ ਸ਼ਰੀਫ ਸ਼ਰਾਫ ਨੇ ਦਿ ਗਲੋਬ ਐਂਡ ਮੇਲ ਲਈ ਫਿਕਸਰ ਤੇ ਟਰਾਂਸਲੇਟਰ ਦਾ ਕੰਮ ਕੀਤਾ। ਉਸ ਨੇ ਦੱਸਿਆ ਕਿ ਉਹ ਕੈਨੇਡਾ ਵਿਚ ਹੀ ਰਹਿਣਾ ਚਾਹੇਗਾ ਕਿਉਂਕਿ ਉਸ ਨੇ ਬਹੁਤਾ ਕੰਮ ਕੈਨੇਡੀਅਨਜ਼ ਲਈ ਹੀ ਕੀਤਾ ਸੀ। ਗਲੋਬ ਐਂਡ ਮੇਲ ਨੇ ਹੀ ਯੂਕਰੇਨ ਨਾਲ ਰਲ ਕੇ ਇਸ ਦਲੇਰਾਨਾ ਆਪ੍ਰੇਸ਼ਨ ਨੂੰ ਸਿਰੇ ਚੜ੍ਹਾਇਆ।

Share