ਯੁਕਰੇਨ ਦੀ ਸਰਹੱਦ ਤੋਂ ਰੂਸ ਪਿੱਛੇ ਨਾ ਹਟਿਆ, ਤਾਂ ਖੇਤਰ ’ਚ ਹੋਰ ਫੌਜਾਂ ਤਾਇਨਾਤ ਕੀਤੀਆਂ ਜਾਣਗੀਆਂ : ਬਾਇਡਨ

326
Share

ਸੈਕਰਾਮੈਂਟੋ, 8 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਇਕ ਵੀਡੀਓ ਕਾਨਫਰੰਸ ਰਾਹੀਂ ਸਖਤ ਸੰਦੇਸ਼ ਦਿੰਦਿਆਂ ਕਿਹਾ ਹੈ ਕਿ ਜੇਕਰ ਰੂਸ ਯੁਕਰੇਨ ਵਿਰੁੱਧ ਆਪਣੀਆਂ ਹਮਲਾਵਰ ਗਤੀਵਿਧੀਆਂ ਬੰਦ ਨਹੀਂ ਕਰਦਾ, ਤਾਂ ਉਸ ਵਿਰੁੱਧ ਅਮਰੀਕਾ ਤੇ ਉਸ ਦੇ ਭਾਈਵਾਲ ਦੇਸ਼ਾਂ ਵੱਲੋਂ ਸਖਤ ਆਰਥਿਕ ਪਾਬੰਦੀਆਂ ਲਾਉਣ ਦੇ ਨਾਲ ਨਾਲ ਖੇਤਰ ’ਚ ਹੋਰ ਫੌਜਾਂ ਤਾਇਨਾਤ ਕੀਤੀਆਂ ਜਾਣਗੀਆਂ। ਬਾਇਡਨ ਨੇ ਕਿਹਾ ਕਿ ਉਹ ਯੁਕਰੇਨ ਵਿਚਲੇ ਸੰਕਟ ਦਾ ਕੂਟਨੀਤਿਕ ਹੱਲ ਲੱਭਣ ਨੂੰ ਤਰਜੀਹ ਦਿੰਦੇ ਹਨ ਪਰ ਇਸ ਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਉਹ ਯੁਕਰੇਨ ਨੂੰ ਪਹਿਲਾਂ ਦਿੱਤੇ ਜਾ ਰਹੇ ਰੱਖਿਆ ਸਾਜ਼ੋ-ਸਾਮਾਨ ਤੋਂ ਇਲਾਵਾ ਹਿਫਾਜ਼ਤ ਲਈ ਹੋਰ ਲੋੜੀਂਦੇ ਸਾਧਨ ਵੀ ਦੇਵੇਗਾ ਤੇ ਖੇਤਰ ਦੀ ਨਾਟੋ ਦੁਆਰਾ ਕਿਲ੍ਹਾਬੰਦੀ ਲਈ ਹੋਰ ਫੌਜਾਂ ਭੇਜੀਆਂ ਜਾਣਗੀਆਂ। ਵਾਈਟ ਹਾਊਸ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਕਿਹਾ ਹੈ ਕਿ ਦੋਨਾਂ ਆਗੂਆਂ ਵਿਚਾਲੇ ਦੋ ਘੰਟੇ ਦੇ ਕਰੀਬ ਗੱਲਬਾਤ ਹੋਈ। ਵੀਡੀਓ ਕਾਲ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਲੀਵਾਨ ਨੇ ਕਿਹਾ ਕਿ ‘‘ਇਹ ਕੁੱਛ ਛੱਡਣ ਤੇ ਕੁੱਝ ਲੈਣ ਦਾ ਮਾਮਲਾ ਹੈ। ਰਾਸ਼ਟਰਪਤੀ ਯੁਕਰੇਨ ਬਾਰੇ ਸਾਰੇ ਮੁੱਦਿਆਂ ਉਪਰ ਸਪੱਸ਼ਟ ਹਨ।’’ ਰੂਸ ਵੱਲੋਂ ਯੁਕਰੇਨ ਦੀ ਸਰਹੱਦ ਉਪਰ ਭਾਰੀ ਤਾਦਾਦ ’ਚ ਫੌਜਾਂ ਤਾਇਨਾਤ ਕਰਨ ਸਬੰਧੀ ਖੂਫੀਆ ਰਿਪੋਰਟਾਂ ਵਿਚ ਯੁਕਰੇਨ ਉਪਰ ਹਮਲੇ ਦੀ ਪ੍ਰਗਟਾਈ ਗਈ ਸੰਭਾਵਨਾ ਉਪਰੰਤ ਬਾਇਡਨ ਤੇ ਪੂਤਿਨ ਵਿਚਾਲੇ ਵੀਡੀਓ ਕਾਨਫਰੰਸ ਰਾਹੀਂ ਲੰਬੀ ਗੱਲਬਾਤ ਹੋਈ ਹੈ। ਸੁਲੀਵਾਨ ਨੇ ਕਿਹਾ ਕਿ ਅਮਰੀਕਾ ਦਾ ਵਿਸ਼ਵਾਸ ਹੈ ਕਿ ਪੂਤਿਨ ਨੇ ਅਜੇ ਯੁਕਰੇਨ ਉਪਰ ਹਮਲੇ ਦਾ ਨਿਰਣਾ ਨਹੀਂ ਲਿਆ ਪਰੰਤੂ ਅਮਰੀਕੀ ਅਧਿਕਾਰੀਆਂ ਦੀ ਰਾਏ ਹੈ ਕਿ ਰੂਸ ਨੇ ਯੁਕਰੇਨ ਦੀ ਸਰਹੱਦ ’ਤੇ ਲੋੜੀਂਦੀ ਸਮਰੱਥਾ ਅਨੁਸਾਰ ਯੁੱਧ ਸਮੱਗਰੀ ਇਕੱਠੀ ਕਰ ਲਈ ਹੈ, ਤਾਂ ਜੋ ਹਮਲਾ ਕਰਨ ਦੀ ਹਾਲਤ ’ਚ ਵਰਤੀ ਜਾ ਸਕੇ। ਹਾਲਾਂਕਿ ਸੁਲੀਵਾਨ ਨੇ ਇਹ ਨਹੀਂ ਦੱਸਿਆ ਕਿ ਕਿਸ ਕਿਸਮ ਦੀਆਂ ਆਰਥਿਕ ਪਾਬੰਦੀਆਂ ਲਾਈਆਂ ਜਾਣਗੀਆਂ ਪਰੰਤੂ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਰੂਸ ਪਿੱਛੇ ਨਹੀਂ ਹੱਟਦਾ, ਤਾਂ ਅਮਰੀਕਾ ਤੇ ਉਸ ਦੇ ਮਿੱਤਰ ਦੇਸ਼ ਮਾਸਕੋ ਦੀ ਆਰਥਿਕ ਨਾਕਾਬੰਦੀ ਜ਼ਰੂਰ ਕਰਨਗੇ। ਵੀਡੀਓ ਕਾਨਫਰੰਸ ਦੌਰਾਨ ਪੂਤਿਨ ਨੇ ਕਿਹਾ ਕਿ ਰੂਸ ਉਪਰ ਸਾਰੀ ਜ਼ਿੰਮੇਵਾਰੀ ਸੁੱਟਣੀ ਗਲਤ ਹੈ ਕਿਉਂਕਿ ਇਹ ਨਾਟੋ ਹੈ, ਜੋ ਯੁਕਰੇਨ ਦੇ ਖੇਤਰ ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਖਤਰਨਾਕ ਕੋਸ਼ਿਸ਼ਾਂ ਕਰ ਰਿਹਾ ਹੈ ਤੇ ਰੂਸ ਦੀਆਂ ਸਰਹੱਦਾਂ ਨੇੜੇ ਆਪਣੀ ਫੌਜੀ ਤਾਕਤ ਵਧਾਉਣ ਦੀ ਕੋਸ਼ਿਸ ਵਿਚ ਹੈ।

Share