ਯਾਤਰਾ ਪਾਬੰਦੀਆਂ ਦੀ ਆੜ ’ਚ ਅਮਰੀਕਾ ਵੀਜ਼ਾ ’ਤੇ ਨਹੀਂ ਲਾ ਸਕਦਾ ਰੋਕ : ਜੱਜ

362
Share

ਵਾਸ਼ਿੰਗਟਨ, 8 ਅਕਤੂਬਰ (ਪੰਜਾਬ ਮੇਲ)-ਅਮਰੀਕਾ ਦੇ ਇਕ ਜੱਜ ਨੇ ਕਿਹਾ ਹੈ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਵਿਦੇਸ਼ ਮੰਤਰਾਲਾ ਵੱਲੋਂ ਯਾਤਰਾ ’ਤੇ ਲਾਈ ਗਈ ਪਾਬੰਦੀ ਦੀ ਵਰਤੋਂ ਭਾਰਤੀ ਤਕਨੀਕੀ ਪੇਸ਼ੇਵਰਾਂ ਸਮੇਤ ਉਨ੍ਹਾਂ ਲੋਕਾਂ ਨੂੰ ਵੀਜ਼ਾ ਦੀ ਮਨਾਹੀ ਲਈ ਨਹੀਂ ਕੀਤੀ ਜਾ ਸਕਦੀ, ਜੋ ਯਾਤਰਾ ਕਰਨ ਦੇ ਯੋਗ ਹਨ। ਅਮਰੀਕਨ ਇਮੀਗ੍ਰੇਸ਼ਨ ਲਾਇਰਜ਼ ਐਸੋਸੀਏਸ਼ਨ’ ਦੇ ਸਮਰਥਨ ਨਾਲ ਇਮੀਗ੍ਰੇਸ਼ਨ ਕਾਨੂੰਨ ਕੰਪਨੀਆਂ ਦੇ ਇਕ ਸਮੂਹ ਅਤੇ ਕੁਝ ਲੋਕਾਂ ਵੱਲੋਂ ਅਦਾਲਤ ’ਚ ਦਾਇਰ ਪਟੀਸ਼ਨ ’ਤੇ ਇਹ ਫ਼ੈਸਲਾ ਆਇਆ ਹੈ। ਪਟੀਸ਼ਨ ਦਾਇਰ ਕਰਨ ਵਾਲੇ ਇਕ ਵਕੀਲ ਨੇ ਟਵੀਟ ਕੀਤਾ ਕਿ ਪਟੀਸ਼ਨ ’ਚ ਕਿਹਾ ਗਿਆ ਹੈ ਕਿ ‘ਯਾਤਰਾ’ ’ਤੇ ਪਾਬੰਦੀ ਦਾ ਮਤਲਬ ‘ਵੀਜ਼ਾ’ ’ਤੇ ਪਾਬੰਦੀ ਨਹੀਂ ਹੈ।

 ਹੁਕਮ ’ਚ ਕਿਹਾ ਗਿਆ ਹੈ ਕਿ ਕੋਵਿਡ-19 ਦੀ ਲਾਗ ਨੂੰ ਫ਼ੈਲਣ ਤੋਂ ਰੋਕਣ ਲਈ ਵਿਦੇਸ਼ ਮੰਤਰਾਲੇ ਵੱਲੋਂ ਇਨ੍ਹਾਂ ਯਾਤਰਾ ਪਾਬੰਦੀਆਂ ਦੀ ਵਰਤੋਂ ਵੀਜ਼ਾਯੋਗ ਯਾਤਰੀਆਂ ਦੀ ਵੀਜ਼ਾ ਪ੍ਰਕਿਰਿਆ ਨੂੰ ਰੋਕਣ ਲਈ ਗੈਰ-ਕਾਨੂੰਨੀ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਤੋਂ ਬਾਅਦ ਆਏ ਬਾਈਡੇਨ ਪ੍ਰਸ਼ਾਸਨ ਨੇ ਮਹਾਮਾਰੀ ਨੂੰ ਰੋਕਣ ਦੇ ਉਦੇਸ਼ ਨਾਲ ਉਕਤ ਯਾਤਰਾ ਪਾਬੰਦੀਆਂ ਲਗਾਈਆਂ। ਸੰਘੀ ਜੱਜ ਜੇਮਸ ਈ. ਬੋਸਬਰਗ ਨੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਵੀਜ਼ਾ ਜਾਰੀ ਨਾ ਕਰਨ ’ਤੇ ਵਿਦੇਸ਼ ਵਿਭਾਗ ਦੇ ਨਿਯਮ ’ਤੇ ਰੋਕ ਲਾ ਦਿੱਤੀ।


Share