ਮੱਧ ਪ੍ਰਦੇਸ਼ ਦੀ ਅਦਾਲਤ ਵਲੋਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਖ਼ਿਲਾਫ਼ ਗਿ੍ਫ਼ਤਾਰੀ ਵਾਰੰਟ ਜਾਰੀ

408
Share

ਨਵੀਂ ਦਿੱਲੀ, 26 ਫਰਵਰੀ (ਪੰਜਾਬ ਮੇਲ)- ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਦੇ ਆਗੂ ਰਾਕੇਸ਼ ਟਿਕੈਤ ਦੀਆਂ ਮੁਸ਼ਕਿਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ ਕਿਉਂਕਿ ਮੱਧ ਪ੍ਰਦੇਸ਼ ਦੀ ਇਕ ਅਦਾਲਤ ਵਲੋਂ ਟਿਕੈਤ ਖ਼ਿਲਾਫ਼ 2012 ਦੇ ਇਕ ਮਾਮਲੇ ਸਬੰਧੀ, ਜਿਸ ‘ਚ ਉਨ੍ਹਾਂ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਤੇ ਦੰਗੇ ਭੜਕਾਉਣ ਦੇ ਦੋਸ਼ ਲਗਾਏ ਗਏ ਸਨ, ਸਬੰਧੀ ਗਿ੍ਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ | ਇਸ ਮਾਮਲੇ ਸਬੰਧੀ ਰਾਕੇਸ਼ ਟਿਕੈਤ ਦੀ ਗਿ੍ਫ਼ਤਾਰੀ 8 ਮਾਰਚ ਨੂੰ ਹੋ ਸਕਦੀ ਹੈ ਕਿਉਂਕਿ ਉਨ੍ਹਾਂ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੱਧ ਪ੍ਰਦੇਸ਼ ਦੇ ਸ਼ੀਓਪੁਰ, ਰੀਵਾ ਤੇ ਦੇਵਾਸ ‘ਚ ਮਹਾਂਪੰਚਾਇਤਾਂ ਨੂੰ ਸੰਬੋਧਨ ਕਰਨਾ ਹੈ | ਮੱਧ ਪ੍ਰਦੇਸ਼ ਤੋਂ ਭਾਕਿਯੂ ਦੇ ਜਨਰਲ ਸਕੱਤਰ ਅਨਿਲ ਯਾਦਵ ਨੇ ਦੱਸਿਆ ਕਿ ਉਕਤ ਮਾਮਲਾ ਸੂਬੇ ਦੇ ਜ਼ਿਲ੍ਹਾ ਅਨੂਪੁਰ ‘ਚ ਪੈਂਦੇ ਖੇਤਰ ਜੈਤਹਰੀ ‘ਚ ਪਾਵਰ ਪਲਾਂਟ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਵਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਨਾਲ ਸਬੰਧਿਤ ਹੈ, ਜਿਸ ਦੌਰਾਨ ਹੋਈ ਹਿੰਸਾ ਦੌਰਾਨ ਕਈ ਪੁਲਿਸ ਵਾਲੇ ਜ਼ਖ਼ਮੀ ਹੋ ਗਏ ਸਨ, ਜਦੋਂਕਿ ਕਈ ਵਾਹਨਾਂ ਨੂੰ ਅੱਗ ਹਵਾਲੇ ਕਰ ਦਿੱਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਟਿਕੈਤ ਸਮੇਤ 100 ਤੋਂ ਵੱਧ ਲੋਕਾਂ ਖ਼ਿਲਾਫ਼ ਦੰਗੇ ਭੜਕਾਉਣ, ਹਥਿਆਰਾਂ ਨਾਲ ਦੰਗੇ ਕਰਨ, ਗੈਰ-ਕਾਨੂੰਨੀ ਗਤੀਵਿਧੀਆਂ ਤੇ ਹੱਤਿਆ ਦੀ ਕੋਸ਼ਿਸ਼ ਤਹਿਤ ਮਾਮਲੇ ਦਰਜ ਕੀਤੇ ਗਏ ਸਨ | ਅਨਿਲ ਯਾਦਵ ਨੇ ਦੱਸਿਆ ਕਿ 2012 ‘ਚ ਜ਼ਮਾਨਤ ‘ਤੇ ਬਾਹਰ ਆਉਣ ਤੋਂ ਬਾਅਦ ਟਿਕੈਤ ਅਦਾਲਤ ਦੀ ਸੁਣਵਾਈ ਦੌਰਾਨ ਹਾਜ਼ਰ ਨਹੀਂ ਹੋਏ ਸਨ ਤੇ ਇਸ ਸਬੰਧੀ ਉਨ੍ਹਾਂ ਖ਼ਿਲਾਫ਼ ਅਦਾਲਤ ਵਲੋਂ 2016 ‘ਚ ਵੀ ਗਿ੍ਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸਨ |


Share