ਮੱਧਕਾਲੀ ਚੋਣਾਂ: ਭਾਰਤੀ-ਅਮਰੀਕੀ ਭਾਈਚਾਰੇ ਨੂੰ ਲੁਭਾਉਣ ਲਈ ਟਰੰਪ ਕਰ ਰਿਹੈ ਹਿੰਦੀ ’ਚ ਤਿਆਰ ਨਾਅਰੇ ਦਾ ਅਭਿਆਸ

49
Share

-ਲਗਾਇਆ ‘ਭਾਰਤ ਅਤੇ ਅਮਰੀਕਾ ਸਭ ਤੋਂ ਚੰਗੇ ਦੋਸਤ’ ਦਾ ਨਾਅਰਾ
ਵਾਸ਼ਿੰਗਟਨ, 21 ਸਤੰਬਰ (ਪੰਜਾਬ ਮੇਲ)-ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਵੰਬਰ ਵਿਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਪ੍ਰਭਾਵਸ਼ਾਲੀ ਭਾਰਤੀ-ਅਮਰੀਕੀ ਭਾਈਚਾਰੇ ਨੂੰ ਲੁਭਾਉਣ ਲਈ ਭਾਰਤ-ਅਮਰੀਕਾ ਦੋਸਤੀ ਬਾਰੇ ਹਿੰਦੀ ਵਿਚ ਤਿਆਰ ਕੀਤੇ ਗਏ ਨਾਅਰੇ ਦਾ ਅਭਿਆਸ ਕਰਦੇ ਨਜ਼ਰ ਆਏ। ਰਿਪਬਲਿਕਨ ਹਿੰਦੂ ਕੁਲੀਸ਼ਨ (ਆਰ.ਐੱਚ.ਸੀ.) ਵੱਲੋਂ ਜਾਰੀ ਵੀਡੀਓ ’ਚ ਟਰੰਪ ‘ਭਾਰਤ ਅਤੇ ਅਮਰੀਕਾ ਸਭ ਤੋਂ ਚੰਗੇ ਦੋਸਤ’ ਦੇ ਨਾਅਰੇ ਦਾ ਅਭਿਆਸ ਕਰਦੇ ਨਜ਼ਰ ਆ ਰਹੇ ਹਨ। 30 ਸਕਿੰਟ ਦੀ ਇਸ ਵੀਡੀਓ ’ਚ ਟਰੰਪ ਸ਼ਿਕਾਗੋ ਦੇ ਕਾਰੋਬਾਰੀ ਅਤੇ ਆਰ.ਐੱਸ.ਸੀ. ਮੈਂਬਰ ਸ਼ਲਭ ਕੁਮਾਰ ਨਾਲ ਬੈਠੇ ਨਜ਼ਰ ਆ ਰਹੇ ਹਨ। ਇਹ ਨਵਾਂ ਨਾਅਰਾ ਟਰੰਪ ਦੇ 2016 ਦੇ ਨਾਅਰੇ ‘ਅਬਕੀ ਬਾਰ ਟਰੰਪ ਸਰਕਾਰ’ ਤੋਂ ਪ੍ਰੇਰਿਤ ਹੈ। ਇਸ ਨਾਅਰੇ ਨੇ ਭਾਰਤੀ ਅਮਰੀਕੀਆਂ ਦਾ ਧਿਆਨ ਖਿੱਚਿਆ ਅਤੇ ਕਈ ਵੱਡੇ ਸੂਬਿਆਂ ਵਿਚ ਰਿਪਬਲਿਕਨ ਪਾਰਟੀ ਨੂੰ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ।
‘ਅਬਕੀ ਬਾਰ ਟਰੰਪ ਸਰਕਾਰ’ ਅਤੇ ‘ਭਾਰਤ ਅਤੇ ਅਮਰੀਕਾ ਸਭ ਤੋਂ ਚੰਗੇ ਦੋਸਤ’ ਦੇ ਨਾਅਰੇ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੁਮਾਰ ਨੇ ਇਕ ਇੰਟਰਵਿਊ ’ਚ ਕਿਹਾ ਸੀ ਕਿ ਉਨ੍ਹਾਂ ਨੇ ਅਤੇ ਆਰ.ਐੱਚ.ਸੀ. ਨੇ ਭਾਰਤੀ-ਅਮਰੀਕੀ ਸਮਰਥਨ ਹਾਸਲ ਕਰਨ ਲਈ ਭਾਰਤੀ ਮੀਡੀਆ ਵਿਚ ਸਾਬਕਾ ਰਾਸ਼ਟਰਪਤੀ ਦੇ ਨਵੇਂ ਨਾਅਰੇ ਦਾ ਪ੍ਰਚਾਰ ਦੀ ਯੋਜਨਾ ਬਣਾਈ ਹੈ। ਸਿਆਸੀ ਨਿਰੀਖਕ ਅਤੇ ਤਾਜ਼ਾ ਪੋਲ ਇਹ ਸੰਕੇਤ ਦਿੰਦੇ ਹਨ ਕਿ ਮੱਧਕਾਲੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਨੂੰ ਇੱਕ ਵਾਰ ਫਿਰ ਹਾਊਸ ਆਫ ਰਿਪ੍ਰਜ਼ੈਂਟੇਟਿਵ ਵਿਚ ਬਹੁਮਤ ਮਿਲ ਸਕਦਾ ਹੈ।
ਕੁਮਾਰ ਨੇ ਕਿਹਾ, ‘ਮੁੱਖ ਉਦੇਸ਼ ਸੈਨੇਟ ਵਿਚ ਪੰਜ (ਰਿਪਬਲਿਕਨ) ਉਮੀਦਵਾਰਾਂ ਲਈ ਭਾਰੀ ਸਮਰਥਨ ਹਾਸਲ ਕਰਨਾ ਹੈ, ਜਿੱਥੇ ਵੋਟਾਂ ਦਾ ਅੰਤਰ 50,000 ਤੋਂ ਵੀ ਘੱਟ ਰਹੇਗਾ ਅਤੇ ਕੁਝ ਸੀਟਾਂ ’ਤੇ ਤਾਂ ਇਹ 10,000 ਜਾਂ 5 ਹਜ਼ਾਰ ਵੋਟਾਂ ਦੇ ਆਸ-ਪਾਸ ਵੀ ਰਹਿ ਸਕਦਾ ਹੈ।’ ਉਨ੍ਹਾਂ ਇਕ ਸਵਾਲ ਦੇ ਜਵਾਬ ’ਚ ਕਿਹਾ, ‘ਹਿੰਦੂ ਵੋਟਾਂ ਨਾਲ ਫਰਕ ਪਵੇਗਾ। ਇਨ੍ਹਾਂ ਵਿਚ ਆਜ਼ਾਦ ਵੋਟਰਾਂ ਦੀ ਸਭ ਤੋਂ ਵੱਡੀ ਸੰਖਿਆ ਹੈ।’ ਕੁਮਾਰ ਅਤੇ ਆਰ.ਐੱਚ.ਸੀ. 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਟਰੰਪ ਦੀ ਮੁਹਿੰਮ ਦਾ ਇੱਕ ਮੁੱਖ ਹਿੱਸਾ ਸਨ, ਪਰ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਦੋਵੇਂ ਵੱਖ ਹੋ ਗਏ ਸਨ। ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਾਲ 21 ਮਾਰਚ ਨੂੰ ਮਾਰ-ਏ-ਲਾਗੋ ਵਿਖੇ ਟਰੰਪ ਨਾਲ ਮੁਲਾਕਾਤ ਕੀਤੀ ਸੀ। ਉਸ ਤੋਂ ਬਾਅਦ ਵੀ ਦੋਵਾਂ ਵਿਚਾਲੇ ਕੁਝ ਮੁਲਾਕਾਤਾਂ ਹੋਈਆਂ ਹਨ। ਅਮਰੀਕਾ ਦੇ ਰਜਿਸਟਰਡ ਵੋਟਰਾਂ ਵਿਚੋਂ ਲਗਭਗ ਇੱਕ ਪ੍ਰਤੀਸ਼ਤ ਭਾਰਤੀ-ਅਮਰੀਕੀ ਹਨ।¿

Share