ਮੰਤਰੀ ਮੰਡਲ ਅਤੇ ਮੁੱਖ ਸਕੱਤਰ ਵਿਚਲਾ ਟਕਰਾਅ ਦੇ ਮਾਮਲੇ ਨੇ ਲਈ ਨਵੀਂ ਕਰਵਟ

854
Share

ਚੰਡੀਗੜ੍ਹ, 13 ਮਈ (ਪੰਜਾਬ ਮੇਲ)-ਪੰਜਾਬ ਮੰਤਰੀ ਮੰਡਲ ਦੀ ਹੋਈ ਬੈਠਕ ਦੌਰਾਨ ਰਾਜ ਦੇ ਮੰਤਰੀਆਂ ਵਲੋਂ ਸੂਬੇ ਦੇ ਮੁੱਖ ਸਕੱਤਰ ਖ਼ਿਲਾਫ਼ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤੇ ਕਾਰਨ ਜੋ ਟਕਰਾਅ ਦੀ ਸਥਿਤੀ ਪੈਦਾ ਹੋਈ ਹੈ, ਉਹ ਉਸ ਵੇਲੇ ਨਵੀਂ ਕਰਵਟ ਲੈ ਗਈ ਜਦੋਂ ਕੈਬਨਿਟ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਨਿਵਾਸ ਸਥਾਨ ‘ਤੇ ਜਾ ਕੇ ਕਿਹਾ ਕਿ ਉਹ ਮੁੱਖ ਸਕੱਤਰ ਨਾਲ ਪੈਦਾ ਹੋਏ ਵਿਵਾਦ ਨੂੰ ਨਿਪਟਾ ਲੈਣ, ਨਹੀਂ ਤਾਂ ਮੁੱਖ ਮੰਤਰੀ ਉਸ ਵਿਰੁੱਧ ਇਕ ਮਹਿਲਾ ਆਈ.ਏ.ਐੱਸ. ਅਧਿਕਾਰੀ ਦੀ ਪੁਰਾਣੀ ਸ਼ਿਕਾਇਤ ਦਾ ਮਾਮਲਾ ਦੁਬਾਰਾ ਖੋਲ੍ਹ ਸਕਦੇ ਹਨ। ਸ. ਚੰਨੀ ਨੇ ਇਸ ਸਬੰਧੀ ਆਪਣੇ ਦੂਜੇ ਸਾਥੀ ਕਈ ਮੰਤਰੀਆਂ ਨਾਲ ਵਾਪਰੀ ਇਹ ਘਟਨਾ ਸਾਂਝੀ ਕੀਤੀ ਤੇ ਸ. ਬਾਜਵਾ ਨੂੰ ਸਪੱਸ਼ਟ ਕੀਤਾ ਕਿ ਮੁੱਖ ਸਕੱਤਰ ਵਿਰੁੱਧ ਮਤਾ ਮੰਤਰੀ ਮੰਡਲ ਵਲੋਂ ਸਰਬਸੰਮਤੀ ਨਾਲ ਕੀਤਾ ਗਿਆ ਹੈ ਤੇ ਇਹ ਮਾਮਲਾ ਹੁਣ ਮੁੱਖ ਮੰਤਰੀ ‘ਤੇ ਛੱਡ ਦਿੱਤਾ ਗਿਆ ਹੈ, ਜਦੋਂ ਕਿ ਉਨ੍ਹਾਂ ਸਮੇਤ ਹੋਰ ਕਈ ਮੰਤਰੀਆਂ ਨੇ ਮੁੱਖ ਸਕੱਤਰ ਦੀ ਸ਼ਮੂਲੀਅਤ ਵਾਲੀ ਮੰਤਰੀ ਮੰਡਲ ਦੀ ਕਿਸੇ ਵੀ ਬੈਠਕ ਵਿਚ ਸ਼ਮੂਲੀਅਤ ਨਾ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਵਿਰੁੱਧ ਜੋ ਕਾਰਵਾਈ ਕਰਨਾ ਚਾਹੁੰਦੀ ਹੈ, ਉਹ ਕਰੇ। ਸ. ਬਾਜਵਾ ਵਲੋਂ ਸ. ਚੰਨੀ ਨੂੰ ਮਨਾਉਣ ਦੀ ਕੋਸ਼ਿਸ਼ ਅਸਫਲ ਰਹਿਣ ਤੋਂ ਬਾਅਦ ਮੁੱਖ ਮੰਤਰੀ ਨੇ ਖ਼ੁਦ ਵੀ ਸੂਚਨਾ ਅਨੁਸਾਰ ਸ. ਚੰਨੀ ਨੂੰ ਟੈਲੀਫ਼ੋਨ ਕੀਤਾ, ਪਰ ਇਤਲਾਹ ਅਨੁਸਾਰ ਸ. ਚੰਨੀ ਨੇ ਮੁੱਖ ਮੰਤਰੀ ਨੂੰ ਸਪੱਸ਼ਟ ਕੀਤਾ ਕਿ ਪਹਿਲਾਂ ਉਸ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਜਾਵੇ, ਜਿਸ ਸਬੰਧੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਨ੍ਹਾਂ ਨੂੰ ਧਮਕੀ ਦੇ ਕੇ ਗਏ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਮੰਤਰੀ ਮੰਡਲ ਦੇ ਮੈਂਬਰਾਂ ਮੁੱਖ ਸਕੱਤਰ ਦੇ ਮਾਮਲੇ ‘ਚ ਸਾਰਾ ਫ਼ੈਸਲਾ ਉਨ੍ਹਾਂ ‘ਤੇ ਛੱਡ ਦਿੱਤਾ ਹੈ, ਹੁਣ ਉਹ ਦੇਖਣ ਕਿ ਉਨ੍ਹਾਂ ਨੂੰ ਮੰਤਰੀ ਮੰਡਲ ਦੀ ਬੈਠਕ ‘ਚ ਮੁੱਖ ਸਕੱਤਰ ਜਾਂ ਮੰਤਰੀ ਮੰਡਲ ਦੇ ਮੈਂਬਰ ਚਾਹੀਦੇ ਹਨ। ਮੁੱਖ ਸਕੱਤਰ ਸ਼੍ਰੀ ਕਰਨ ਅਵਤਾਰ ਸਿੰਘ ਵਲੋਂ ਵੀ ਸੂਚਨਾ ਅਨੁਸਾਰ ਕਈ ਮੰਤਰੀਆਂ ਨੂੰ ਟੈਲੀਫ਼ੋਨ ਕੀਤੇ ਗਏ, ਜਿਨ੍ਹਾਂ ‘ਚੋਂ ਬਹੁਤਿਆਂ ਵਲੋਂ ਉਨ੍ਹਾਂ ਦਾ ਟੈਲੀਫ਼ੋਨ ਚੁੱਕਿਆ ਹੀ ਨਹੀਂ ਗਿਆ। ਮੁੱਖ ਮੰਤਰੀ ਪੱਧਰ ‘ਤੇ ਸਾਰਾ ਦਿਨ ਉਨ੍ਹਾਂ ਦੀ ਸਰਕਾਰ ‘ਚ ਉੱਠੇ ਇਸ ਬਵਾਲ ਨਾਲ ਨਜਿੱਠਣ ਲਈ ਵਿਚਾਰ-ਵਟਾਂਦਰੇ ਜਾਰੀ ਰਹੇ ਪਰ ਇਸ ਦਾ ਕੋਈ ਹੱਲ ਨਾ ਹੋ ਸਕਿਆ। ਮੁੱਖ ਮੰਤਰੀ ਲਈ ਦੂਸਰੀ ਵੱਡੀ ਚਿੰਤਾ ਇਹ ਹੈ ਕਿ ਮੰਤਰੀਆਂ ਵਲੋਂ ਰਾਜ ਦੀ ਆਬਕਾਰੀ ਨੀਤੀ ਦੀਆਂ ਸੋਧਾਂ ਸਬੰਧੀ ਮੁੱਖ ਮੰਤਰੀ ਨੂੰ ਅਧਿਕਾਰ ਦੇਣ ਦੇ ਨਾਲ ਜੋ ਸ਼ਬਦਾਵਲੀ ਵਰਤੀ ਗਈ ਹੈ ਕਿ ਇਨ੍ਹਾਂ ਸੋਧਾਂ ਅਤੇ ਨੀਤੀ ਲਈ ਨਫ਼ੇ-ਨੁਕਸਾਨ ਦੀ ਜ਼ਿੰਮੇਵਾਰੀ ਮੁੱਖ ਮੰਤਰੀ ‘ਤੇ ਹੋਵੇਗੀ। ਮਗਰਲੇ ਤਿੰਨਾਂ ਸਾਲਾਂ ਦੌਰਾਨ ਆਬਕਾਰੀ ਵਿਭਾਗ ਵਲੋਂ ਸ਼ਰਾਬ ਦੀ ਵਿਕਰੀ ਤੋਂ ਹੋਣ ਵਾਲੀ ਆਮਦਨ ਸਬੰਧੀ ਮਿਥੇ ਗਏ ਟੀਚਿਆਂ ਵਿਚਲਾ ਫ਼ਰਕ ਜੋ 2000 ਤੋਂ 2500 ਕਰੋੜ ਤੱਕ ਪੁੱਜ ਜਾਣ ਦੀ ਸੰਭਾਵਨਾ ਹੈ, ਵੀ ਵੱਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਮੰਤਰੀ ਅਤੇ ਪਾਰਟੀ ਕੱਲ੍ਹ ਨੂੰ ਹੋਏ ਇਸ ਨੁਕਸਾਨ ਲਈ ਮੁੱਖ ਮੰਤਰੀ ਨੂੰ ਸਿੱਧਾ ਜ਼ਿੰਮੇਵਾਰ ਠਹਿਰਾਉਂਦਿਆਂ ਇਸ ਨੂੰ ਇਕ ਵੱਡਾ ਮੁੱਦਾ ਵੀ ਬਣਾ ਸਕਦੀ ਹੈ। ਮੁੱਖ ਮੰਤਰੀ ਵਲੋਂ ਵਿਭਾਗ ਦੇ ਮੁਖੀ ਹੁੰਦਿਆਂ ਲਗਾਤਾਰ ਟੀਚਿਆਂ ਤੱਕ ਪੁੱਜਣ ਵਿਚਲੀ ਅਸਫਲਤਾ ਲਈ ਕੋਈ ਪੜਚੋਲ ਨਾ ਕਰਨ ਅਤੇ ਕਿਸੇ ਨੂੰ ਜ਼ਿੰਮੇਵਾਰ ਨਾ ਠਹਿਰਾਉਣਾ ਵੀ ਆਪਣੇ-ਆਪ ‘ਚ ਮੁੱਖ ਮੰਤਰੀ ਵਿਰੁੱਧ ਇਕ ਮੁੱਦਾ ਬਣ ਰਿਹਾ ਹੈ। ਮੰਤਰੀ ਮੰਡਲ ਦੇ ਕਈ ਮੈਂਬਰਾਂ ਨੇ ਦੱਸਿਆ ਕਿ ਕਾਂਗਰਸ ਹਾਈਕਮਾਂਡ ਵੀ ਪੰਜਾਬ ‘ਚ ਪੈਦਾ ਹੋਈ ਇਸ ਸਥਿਤੀ ਤੋਂ ਕਾਫ਼ੀ ਚਿੰਤਤ ਨਜ਼ਰ ਆ ਰਹੀ ਹੈ ਤੇ ਪਾਰਟੀ ਹਾਈਕਮਾਂਡ ਦੇ ਸੀਨੀਅਰ ਮੈਂਬਰ ਅਹਿਮਦ ਪਟੇਲ ਵਲੋਂ ਕਈ ਮੰਤਰੀਆਂ ਨੂੰ ਟੈਲੀਫ਼ੋਨ ਕਰ ਕੇ ਸਰਕਾਰ ਵਿਚ ਪੈਦਾ ਹੋਈ ਇਸ ਟਕਰਾਅ ਵਾਲੀ ਸਥਿਤੀ ‘ਤੇ ਜਾਣਕਾਰੀ ਵੀ ਲਈ ਗਈ। ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ, ਜੋ ਕਿ ਦਿੱਲੀ ਵਿਖੇ ਹਨ, ਤੋਂ ਵੀ ਸੂਚਨਾ ਅਨੁਸਾਰ ਇਸ ਸਾਰੇ ਮੁੱਦੇ ‘ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਜੇਕਰ ਆਉਂਦੇ ਕੁਝ ਦਿਨਾਂ ਦੌਰਾਨ ਇਸ ਟਕਰਾਅ ਵਾਲੀ ਸਥਿਤੀ ਨੂੰ ਖ਼ਤਮ ਕਰਨ ‘ਚ ਕਾਮਯਾਬ ਨਹੀਂ ਹੁੰਦੇ ਤਾਂ ਪਾਰਟੀ ਹਾਈਕਮਾਂਡ ਵੀ ਇਸ ਸਬੰਧੀ ਦਖ਼ਲ ਦੇ ਸਕਦੀ ਹੈ।


Share