ਮੌਨਸੂਨ ਇਜਲਾਸ : 25 ਸੰਸਦ ਮੈਂਬਰਾਂ ਨੂੰ ਹੋਇਆ ਕਰੋਨਾ

535
Share

ਨਵੀਂ ਦਿੱਲੀ, 14 ਸਤੰਬਰ (ਪੰਜਾਬ ਮੇਲ)-  ਲੋਕ ਸਭਾ ਦੇ 17 ਤੇ ਰਾਜ ਸਭਾ ਦੇ ਅੱਠ ਮੈਂਬਰ ਅੱਜ ਤੋਂ ਸ਼ੁਰੂ ਹੋਏ ਮੌਨਸੂਨ ਇਜਲਾਸ ਤੋਂ ਪਹਿਲਾਂ ਕੀਤੇ ਟੈਸਟ ਦੌਰਾਨ ਕਰੋਨਾਵਾਇਰਸ ਲਈ ਪਾਜ਼ੇਟਿਵ ਨਿਕਲ ਆਏ ਹਨ। ਕਰੋਨਾ ਦੀ ਜੱਦ ਵਿੱਚ ਆਉਣ ਵਾਲੇ ਲੋਕ ਸਭਾ ਮੈਂਬਰਾਂ ’ਚੋਂ 12 ਭਾਜਪਾ ਅਤੇ ਵਾਈਐੱਸਆਰ ਕਾਂਗਰਸ ਦੇ ਦੋ ਅਤੇ ਇਕ ਇਕ ਮੈਂਬਰ ਸ਼ਿਵ ਸੈਨਾ, ਡੀਐੱਮਕੇ ਤੇ ਆਰਐੱਲਪੀ ਨਾਲ ਸਬੰਧਤ ਹੈ। ਸੂਤਰਾਂ ਨੇ ਕਿਹਾ ਕਿ 12-13 ਸਤੰਬਰ ਨੂੰ ਸੰਸਦ ਦੇ ਇਮਾਰਤੀ ਕੰਪਲੈਕਸ ਵਿੱਚ ਕੀਤੇ ਆਰਟੀ-ਪੀਸੀਆਰ ਟੈਸਟਾਂ ਦੌਰਾਨ ਕੁਲ ਮਿਲਾ ਕੇ 56 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਅੰਕੜਿਆਂ ਵਿੱਚ ਦੋਵਾਂ ਸਦਨਾਂ ਦੇ ਮੈਂਬਰਾਂ ਸਮੇਤ ਹੋਰ ਅਧਿਕਾਰੀ ਤੇ ਮੀਡੀਆ ਕਰਮੀ ਵੀ ਸ਼ਾਮਲ ਹਨ। ਕਰੋਨਾ ਪਾਜ਼ੇਟਿਵ ਆਏ ਮੈਂਬਰਾਂ ’ਚ ਭਾਜਪਾ ਐੱਮਪੀ ਮੀਨਾਕਸ਼ੀ ਲੇਖੀ, ਅਨੰਤ ਕੁਮਾਰ ਹੇਗੜੇ ਅਤੇ ਪ੍ਰਵੇਸ਼ ਸਾਹਿਬ ਸਿੰਘ ਵਰਮਾ ਦੇ ਨਾਂ ਸ਼ਾਮਲ ਹਨ। ਬਾਕੀ ਮੈਂਬਰਾਂ ’ਚ ਪ੍ਰਤਾਪ ਰਾਓ ਜਾਦਵ, ਜਨਾਰਦਨ ਸਿੰਘ, ਸੁਖਬੀਰ ਸਿੰਘ, ਹਨੁਮਾਨ ਬੈਨੀਵਾਲ, ਸੁਕਾਂਤਾ ਮਜੂਮਦਾਰ, ਗੋਦੇਟੀ ਮਾਧਵੀ, ਬਿਦਯੁਤ ਬਾਰਨ, ਪ੍ਰਦਾਨ ਬਰੁਆ, ਐੱਨ ਰੈੱਡੇੱਪਾ, ਸੇਲਵਮ ਜੀ, ਪ੍ਰਤਾਪ ਰਾਓ ਪਾਟਿਲ, ਰਾਮ ਸ਼ੰਕਰ ਕਠੇਰੀਆ, ਸੱਤਿਆ ਪਾਲ ਸਿੰਘ ਅਤੇ ਰੋਡਮਲ ਨਗਰ ਸ਼ਾਮਲ ਹਨ। ਚੇਤੇ ਰਹੇ ਕਿ ਕੁੱਲ 785 ਸੰਸਦ ਮੈਂਬਰਾਂ ’ਚੋਂ 200 ਦੇ ਕਰੀਬ ਦੀ ਉਮਰ 65 ਸਾਲ ਤੋਂ ਵਧ ਹੈ ਤੇ ਉਨ੍ਹਾਂ ਨੂੰ ਕਰੋਨਾਵਾਇਰਸ ਦੀ ਲਾਗ ਸੌਖਿਆਂ ਹੀ ਲੱਗਣ ਦਾ ਖ਼ਤਰਾ ਹੈ। ਇਸ ਤੋਂ ਪਹਿਲਾਂ ਘੱਟੋ ਘੱਟ ਸੱਤ ਕੇਂਦਰੀ ਮੰਤਰੀਆਂ ਤੇ 25 ਦੇ ਕਰੀਬ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਕਰੋਨਾ ਦੀ ਲਾਗ ਚਿੰਬੜ ਚੁੱਕੀ ਹੈ। ਇਨ੍ਹਾਂ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਮੌਨਸੂਨ ਇਜਲਾਸ ਦੇ ਆਗਾਜ਼ ਤੋਂ ਪਹਿਲਾਂ ਸਮੁੱਚੇ ਮੈਡੀਕਲ ਚੈਕਅੱਪ ਲਈ ਮੁੜ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।


Share