ਮੌਡਰਨਾ ਤੋਂ ਬਾਅਦ ਫਾਈਜ਼ਰ ਵੱਲੋਂ ਵੀ ਸਿੱਧੇ ਟੀਕੇ ਭੇਜਣ ਸਬੰਧੀ ਪੰਜਾਬ ਦੀ ਮੰਗ ਨਾ-ਮਨਜ਼ੂਰ

123
Share

ਕੰਪਨੀ ਨੇ ਆਖਿਆ, ਸਿਰਫ਼ ਫੈਡਰਲ ਸਰਕਾਰਾਂ ਨਾਲ ਹੀ ਸਮਝੌਤਾ ਕੀਤਾ ਜਾਂਦਾ
ਚੰਡੀਗੜ੍ਹ, 25 ਮਈ (ਪੰਜਾਬ ਮੇਲ)- ਮੌਡਰਨਾ ਤੋਂ ਬਾਅਦ ਇਕ ਹੋਰ ਕੋਵਿਡ ਟੀਕਾ ਨਿਰਮਾਤਾ ਫਾਈਜ਼ਰ ਨੇ ਪੰਜਾਬ ਨੂੰ ਸਿੱਧੇ ਟੀਕੇ ਭੇਜਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਸੂਬਾ ਸਰਕਾਰ ਵੱਲੋਂ ਪਹੁੰਚ ਕਰਨ ਤੋਂ ਬਾਅਦ ‘ਫਾਈਜ਼ਰ’ ਨੇ ਸੂਬੇ ਵਿਚ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਸਬੰਧੀ ਪੰਜਾਬ ਸਰਕਾਰ ਦੀਆਂ ‘ਅਸਧਾਰਨ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਆਪਣੀ ਨੀਤੀ ਅਨੁਸਾਰ ਉਹ ਸਿਰਫ ਭਾਰਤ ਸਰਕਾਰ ਨਾਲ ਹੀ ਸਮਝੌਤਾ ਕਰ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟੀਕਾਕਰਨ ਲਈ ਸਟੇਟ ਨੋਡਲ ਅਫਸਰ ਅਤੇ ਸੀਨੀਅਰ ਆਈ.ਏ.ਐੱਸ. ਅਧਿਕਾਰੀ ਸ਼੍ਰੀ ਵਿਕਾਸ ਗਰਗ ਨੇ ਦੱਸਿਆ ਕਿ ਫਾਈਜ਼ਰ ਨੇ ਆਪਣੇ ਜਵਾਬ ’ਚ ਕਿਹਾ, ‘‘ਫਾਈਜ਼ਰ ਕੌਮੀ ਟੀਕਾਕਰਨ ਪ੍ਰੋਗਰਾਮ ਲਈ ਆਪਣਾ ਕੋਵਿਡ-19 ਟੀਕਾ ਸਪਲਾਈ ਕਰਨ ਲਈ ਵਿਸ਼ਵ ਭਰ ਦੀਆਂ ਫੈਡਰਲ ਸਰਕਾਰਾਂ ਨਾਲ ਕੰਮ ਕਰ ਰਹੀ ਹੈ। ਇਸ ਸਮੇਂ ਸਾਡੇ ਸਪਲਾਈ ਸਮਝੌਤੇ ਕੌਮੀ ਸਰਕਾਰਾਂ ਅਤੇ ਸੁਪਰਾ-ਕੌਮੀ ਸੰਗਠਨਾਂ ਦੇ ਨਾਲ ਹਨ, ਜੋ ਖੁਰਾਕਾਂ ਦੀ ਵੰਡ ਅਤੇ ਦੇਸ਼ ਅੰਦਰ ਲਾਗੂ ਕਰਨ ਸਬੰਧੀ ਫੈਸਲੇ ਢੁੱਕਵੀਂ ਸਿਹਤ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਦੇ ਆਧਾਰ ’ਤੇ ਲੈਂਦੀਆਂ ਹਨ। ਇਹ ਪਹੁੰਚ ਫਾਈਜ਼ਰ ਨੇ ਪੂਰੀ ਦੁਨੀਆਂ ਵਿਚ ਅਪਣਾਈ ਹੈ।’’
ਸ਼੍ਰੀ ਗਰਗ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿਚ ਜਲਦ ਟੀਕਾਕਰਨ ਯਕੀਨੀ ਬਣਾਉਣ ਲਈ ਸਾਰੇ ਸੰਭਾਵਿਤ ਸਰੋਤਾਂ ਤੋਂ ਟੀਕਿਆਂ ਦੀ ਖਰੀਦ ਲਈ ਵਿਸ਼ਵਵਿਆਪੀ ਟੈਂਡਰ ਤੈਅ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਸਬੰਧੀ ਨਿਰਦੇਸ਼ ’ਤੇ ਅਮਲ ਕਰਦਿਆਂ ਸਾਰੇ ਟੀਕਾ ਨਿਰਮਾਤਾਵਾਂ ਨੂੰ ਵੱਖ-ਵੱਖ ਕੋਵਿਡ ਟੀਕਿਆਂ ਦੀ ਸਿੱਧੀ ਖਰੀਦ ਲਈ ਪਹੁੰਚ ਕੀਤੀ ਗਈ ਸੀ, ਜਿਨ੍ਹਾਂ ਵਿਚ ਸਪੂਤਨਿਕ ਵੀ, ਫਾਈਜ਼ਰ, ਮੌਡਰਨਾ ਅਤੇ ਜੌਹਨਸਨ ਐਂਡ ਜੌਹਨਸਨ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਜੇ ਵੀ ਸਪੂਤਨਿਕ ਵੀ ਅਤੇ ਜਾਹਨਸਨ ਐਂਡ ਜਾਹਨਸਨ ਤੋਂ ਹਾਂ-ਪੱਖੀ ਜਵਾਬ ਦੀ ਉਮੀਦ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕੀ ਕੰਪਨੀ ਮੌਡਰਨਾ ਨੇ ਪੰਜਾਬ ਸਰਕਾਰ ਨੂੰ ਸਿੱਧੇ ਟੀਕੇ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ। ਕਿਉਂਕਿ ਉਨ੍ਹਾਂ ਦੀ ਨੀਤੀ ਅਨੁਸਾਰ ਉਹ ਸਿਰਫ਼ ਭਾਰਤ ਸਰਕਾਰ ਨਾਲ ਹੀ ਸਮਝੌਤਾ ਕਰ ਸਕਦੇ ਹਨ, ਨਾ ਕਿ ਕਿਸੇ ਸੂਬਾ ਸਰਕਾਰ ਜਾਂ ਨਿੱਜੀ ਧਿਰ ਨਾਲ।
ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਪਿਛਲੇ ਦਿਨਾਂ ’ਚ ਟੀਕੇ ਦੀ ਉਪਲੱਬਧਤਾ ਨਾ ਹੋਣ ਕਰਕੇ ਪਹਿਲੇ ਅਤੇ ਦੂਜੇ ਪੜਾਅ ਲਈ ਟੀਕਾਕਰਨ ਬੰਦ ਕਰਨ ਲਈ ਮਜਬੂਰ ਸੀ। ਸੂਬੇ ਵਿਚ ਟੀਕਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਹੋਰ ਟੀਕੇ ਖਰੀਦਣ ਲਈ ਸਾਰੇ ਯਤਨ ਕੀਤੇ ਜਾਣਗੇ। ਭਾਰਤ ਸਰਕਾਰ ਵੱਲੋਂ ਹੁਣ ਤੱਕ ਟੀਕਿਆਂ ਦੀਆਂ 45.3 ਲੱਖ ਤੋਂ ਘੱਟ ਖੁਰਾਕਾਂ ਮਿਲੀਆਂ ਹਨ।

Share